ਮਾਨਸਾ, 20 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਦੇਸ਼ ਅਤੇ ਸੰਵਿਧਾਨ ਬਚਾਉਣ ਲਈ ਵੱਡੇ ਯਤਨ ਜੁਟਾਉਣ ਦੀ ਲੋੜ ਹੈ | ਧਰਮ ਨਿਰਪੱਖ ਧਿਰਾਂ ਨੂੰ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਕਾਰਜ ਲਈ ਤਿੱਖੀ ਲੜਾਈ ਲੜ ਰਹੇ ਹਨ ਤਾਂ ਜੋ ਅੰਬਾਨੀ ਅੰਡਾਨੀ ਮਾਡਲ ਦੀ ਥਾਂ ਲੋਕ ਪੱਖੀ ਮਾਡਲ ਲਾਗੂ ਕੀਤਾ ਜਾ ਸਕੇ | ਇਹ ਵਿਚਾਰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਲਗਾਏ ਖ਼ੂਨਦਾਨ ਕੈਂਪ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਨੇ ਪ੍ਰਗਟਾਏ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਸਰਕਾਰ ਵਲੋਂ ਲੋਕਾਂ ਦੇ ਸੰਵਿਧਾਨਿਕ ਹੱਕ ਖੋਹੇ ਜਾ ਰਹੇ ਹਨ ਅਤੇ ਸੰਵਿਧਾਨਿਕ ਸੰਸਥਾਵਾਂ ਨੂੰ ਆਪਣੇ ਮੁਤਾਬਿਕ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਖ਼ਿਲਾਫ਼ ਸ੍ਰੀ ਗਾਂਧੀ ਵਲੋਂ ਦੇਸ਼ ਭਰ 'ਚ ਯਾਤਰਾਵਾਂ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਵਲੋਂ ਸੰਵਿਧਾਨ ਮੁਤਾਬਿਕ ਜਿਨ੍ਹਾਂ ਸੰਵਿਧਾਨਿਕ ਸੰਸਥਾਵਾਂ ਦਾ ਨਿਰਮਾਣ ਕੀਤਾ ਸੀ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ਪਾਇਆ ਸੀ, ਨੂੰ ਠੇਸ ਨਹੀਂ ਪਹੁੰਚਣ ਦੇਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਨੀਤੀਆਂ ਨੂੰ ਘਰ-ਘਰ ਲਿਜਾ ਕੇ ਸੰਵਿਧਾਨ ਬਚਾਉਣ ਦੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵੇਗੀ | ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਅਵਤਾਰ ਸਿੰਘ ਬਰਾੜ ਗੋਨਿਆਣਾ ਕੋਆਰਡੀਨੇਟਰ ਹਲਕਾ ਮਾਨਸਾ, ਸੁਖਦਰਸ਼ਨ ਸਿੰਘ ਖਾਰਾ, ਮਨਜੀਤ ਸਿੰਘ ਮੀਹਾਂ, ਸੰਦੀਪ ਮਹਿਤਾ ਭੀਖੀ, ਕਰਨਵੀਰ ਸਿੰਘ ਹੋਡਲਾ, ਨੇਮ ਕੁਮਾਰ ਨੇਮਾ ਐਮ.ਸੀ., ਸਿਮਰਨਜੀਤ ਸਿੰਘ ਮਾਨਸ਼ਾਹੀਆ, ਐਡਵੋਕੇਟ ਬਲਕਰਨ ਸਿੰਘ ਬੱਲੀ, ਹਰਵਿੰਦਰ ਭਾਰਦਵਾਜ, ਕਰਨੈਲ ਸਿੰਘ, ਕਮਲ ਚੂਨੀਆ, ਬੂਟਾ ਸਿੰਘ ਕੱਲੋ੍ਹ, ਸੁਖਦੇਵ ਸਿੰਘ ਉੱਭਾ ਆਦਿ ਹਾਜ਼ਰ ਸਨ |