ਤਲਵੰਡੀ ਸਾਬੋ, 20 ਜੂਨ (ਰਣਜੀਤ ਸਿੰਘ ਰਾਜੂ)-ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ ਦੇ ਨਜ਼ਦੀਕ ਇਕ ਕਬਾੜ ਸਟੋਰ ਵਿਚ ਬੀਤੀ ਰਾਤ ਦੇ ਪਿਛਲੇ ਪਹਿਰ ਅੱਗ ਲੱਗਣ ਨਾਲ ਕਬਾੜ ਸਟੋਰ 'ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਅੱਗ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਅੱਗ ਬੁਝਾਊ ਦਸਤੇ ਨੇ ਬੜੀ ਜਦੋਜਹਿਦ ਉਪਰੰਤ ਅੱਗ 'ਤੇ ਕਾਬੂ ਪਾਇਆ | ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਰੋੜੀ ਰੋਡ 'ਤੇ ਸਥਿਤ ਸੁਰੇਸ਼ ਸ਼ਰਮਾ ਕਬਾੜ ਸਟੋਰ ਵਿਚ ਬੀਤੀ ਰਾਤ ਦੇ ਪਿਛਲੇ ਪਹਿਰ ਕਰੀਬ 2 ਵਜੇ ਭਿਆਨਕ ਅੱਗ ਲੱਗ ਗਈ | ਆਸ-ਪਾਸ ਰਹਿੰਦੇ ਲੋਕ ਇਕੱਠੇ ਹੋ ਗਏ ਅਤੇ ਘਟਨਾ ਦੀ ਜਾਣਕਾਰੀ ਮਿਲਦਿਆਂ ਨਗਰ ਕੌਂਸਲ ਤਲਵੰਡੀ ਸਾਬੋ ਅਤੇ ਨਗਰ ਕੌਂਸਲ ਮੌੜ ਮੰਡੀ ਫਾਇਰ ਬਿ੍ਗੇਡ ਦੀਆਂ ਅੱਗ ਬੁਝਾਊ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਆਰੰਭਿਆ ਅਤੇ ਕਰੀਬ ਦੋ-ਢਾਈ ਘੰਟਿਆਂ ਦੀ ਜਦੋਜਹਿਦ ਉਪਰੰਤ ਅੱਗ ਤੇ ਕਾਬੂ ਪਾ ਲਿਆ ਗਿਆ | ਆਂਢ ਗੁਆਂਢ ਨੇ ਸੁਖ ਦਾ ਸਾਹ ਲਿਆ ਹੀ ਸੀ ਕਿ ਸਵੇਰੇ ਸੱਤ ਵਜੇ ਫਿਰ ਅੱਗ ਸੁਲਗਨ ਲੱਗ ਗਈ ਜਿਸ ਨੂੰ ਫਿਰ ਨਗਰ ਕੌਂਸਲ ਤਲਵੰਡੀ ਸਾਬੋ ਦੇ ਫਾਇਰ ਮੁਲਾਜ਼ਮਾਂ ਨੇ ਠੰਡਾ ਕੀਤਾ | ਮਾਲਿਕ ਸੁਰੇਸ਼ ਸ਼ਰਮਾ ਅਨੁਸਾਰ ਅੱਗ ਨਾਲ ਤਿੰਨ-ਚਾਰ ਲੱਖ ਦਾ ਕਬਾੜ ਸੜ ਕੇ ਸਵਾਹ ਹੋ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ |