ਬੁਢਲਾਡਾ, 21 ਸਤੰਬਰ (ਸਵਰਨ ਸਿੰਘ ਰਾਹੀ) - ਨੇਕੀ ਫਾਊਾਡੇਸ਼ਨ ਬੁਢਲਾਡਾ ਵਲੋਂ ਲਗਾਏ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਦੇ ਮੁਫ਼ਤ ਕੈਂਪ ਦੌਰਾਨ ਸ਼ੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਦੀ ਟੀਮ ਨੇ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਅਤੇ 25 ਦੇ ਕਰੀਬ ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨਾਂ ਲਈ ਚੁਣਿਆ ਗਿਆ | ਨੇਕੀ ਮੈਂਬਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਮੋਤੀਆਬਿੰਦ, ਕਾਲਾ ਮੋਤੀਆ, ਅੱਖਾਂ ਦੀ ਰੌਸ਼ਨੀ ਘੱਟ ਹੋਣ ਸਮੇਤ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਚਸ਼ਮੇ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਹਰਬਿਲਾਸ ਸ਼ਰਮਾ ਰਿਟ: ਜੇ.ਈ. ਵਲੋਂ ਆਪਣੀ ਸਵਰਗਵਾਸੀ ਪਤਨੀ ਬੇਨਤੀ ਦੇਵੀ ਦੀ ਯਾਦ ਵਿਚ ਮਰੀਜ਼ਾਂ ਦੀ ਸੇਵਾ ਦਾ ਖਰਚ ਅਤੇ ਸੰਸਥਾ ਨੂੰ ਆਕਸੀਜਨ ਕੌਂਸਨਟਰੇਟਰ ਮਸ਼ੀਨ ਭੇਟ ਕੀਤੀ ਗਈ | ਨੇਕੀ ਫਾੳਾੂਡੇਸ਼ਨ ਵਲੋਂ ਮੌਤ ਉਪਰੰਤ ਅੱਖਾਂ ਦਾਨ ਕਰਨ ਵਾਲੇ ਪਿੰਡ ਬੋੜਾਵਾਲ ਦੇ ਸਵ: ਗੁਰਪਿਆਰ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ |