ਬਠਿੰਡਾ, 17 ਅਕਤੂਬਰ (ਵਲ੍ਹਾਣ): ਪੀ. ਆਰ. ਟੀ. ਸੀ. ਮੁਲਾਜ਼ਮਾਂ ਨੇ ਅੱਜ ਮੁੜ ਪੀ.ਆਰ.ਟੀ.ਸੀ. ਬੱਸਾਂ ਦੇ ਚੱਕੇ ਜਾਮ ਰੱਖੇ ਅਤੇ ਬਠਿੰਡਾ ਡੀਪੂ ਦੇ ਗੇਟ 'ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪੀਆਰਟੀਸੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ | ਮੁਲਾਜ਼ਮਾਂ ਦਾ ਰੋਸ ਹੈ ਕਿ ਸਰਕਾਰ ਤੇ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਅਤੇ ਤਿਉਹਾਰਾਂ ਦੇ ਮੌਕੇ ਉਨ੍ਹਾਂ ਨੂੰ ਆਪਣਾ ਮਿਹਨਤਾਨਾ ਲੈਣ ਲਈ ਰੋਸ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ | ਅੱਜ ਬੱਸ ਅੱਡੇ ਬੰਦ ਕਰਨ ਦੀ ਬਜਾਏ ਕੇਵਲ ਪੀ.ਆਰ.ਟੀ.ਸੀ. ਬੱਸਾਂ ਨੂੰ ਬਾਅਦ ਦੁਪਹਿਰ ਰੋਕ ਦਿੱਤਾ ਗਿਆ | ਇਸ ਮੌਕੇ ਡਿੱਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰ ਹਰ ਵਾਰ ਮੁਲਾਜ਼ਮਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਸਮੇਂ ਸਿਰ ਨਹੀਂ ਪਾਉਂਦੀ | ਉਨ੍ਹਾਂ ਨੂੰ ਤਨਖ਼ਾਹ ਲੈਣ ਲਈ ਸੰਘਰਸ਼ ਦਾ ਰਸਤਾ ਅਪਣਾਉਣਾ ਪੈਂਦਾ ਹੈ, ਅੱਜ 17 ਤਾਰੀਖ਼ ਹੋ ਚੁੱਕੀ ਹੈ ਪਰ ਹੁਣ ਤੱਕ ਮੈਨੇਜਮੈਂਟ ਤੇ ਸਰਕਾਰ ਕਰਮਚਾਰੀਆਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਪਾਉਣ ਤੋਂ ਅਸਮਰੱਥ ਰਹੀ ਹੈ ¢ 'ਤਨਖ਼ਾਹ ਨਹੀਂ ਤਾਂ ਕੰਮ ਨਹੀਂ' ਦੇ ਨਾਅਰੇ ਹੇਠ ਸੰਘਰਸ਼ ਨੂੰ ਹੜ੍ਹਤਾਲ ਦਾ ਰੂਪ ਦੇ ਕੇ ਅੱਜ ਦੁਪਹਿਰ 2 ਵਜੇ ਪੀਆਰਟੀਸੀ ਦੇ ਸਾਰੇ ਡਿਪੂਆਂ ਵਲੋਂ ਹੜ੍ਹਤਾਲ ਕਰਕੇ ਸਰਕਾਰ ਅਤੇ ਮੈਨੇਜਮੈਂਟ ਦੀ ਮੁਰਦਾਬਾਦ ਕੀਤੀ ਗਈ | ਤਿੰਨ ਘੰਟੇ ਬੱਸਾਂ ਬੰਦ ਰਹਿਣ ਤੋਂ ਬਾਅਦ ਮੈਨੇਜਮੈਂਟ ਹਰਕਤ ਵਿਚ ਆਈ ਅਤੇ ਸੰਘਰਸ਼ ਕਰਨ ਤੋਂ ਬਾਅਦ ਮੁਲਾਜ਼ਮਾਂ ਦੀ ਤਨਖ਼ਾਹ ਪਾਈ ਗਈ | ਸੂਬਾ ਆਗੂ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਵਾਧੂ ਬੋਨਸ ਦੇਣ ਦੀ ਜਗ੍ਹਾ ਉਨ੍ਹਾਂ ਦੀ ਬਣਦੀ ਤਨਖ਼ਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ | ਇਸ ਮੌਕੇ ਬਠਿੰਡਾ ਡਿਪੂ ਦੇ ਹਰਤਾਰ ਸ਼ਰਮਾ, ਰਣਜੀਤ ਸਿੰਘ ਖ਼ਾਲਸਾ, ਰਵਿੰਦਰ ਸਿੰਘ ਪਥਰਾਲਾ ਆਦਿ ਸਮੇਤ ਹੋਰ ਆਗੂ ਹਾਜ਼ਰ ਸਨ |