24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਹਲਕਾ ਪਾਇਲ 'ਚ ਨਹਿਰਾਂ 'ਤੇ ਬਣੇ ਪੁਰਾਣੇ ਚਾਰ ਪੁਲਾਂ ਦੀ ਥਾਂ ਨਵੇਂ ਸਟੀਲ ਦੇ ਪੁਲ ਬਣਾਏ ਜਾਣਗੇ-ਡਾ. ਅਮਰ ਸਿੰਘ

ਅਜੀਤ ਡੈਸਕ 16-06-2025
ਦੋਰਾਹਾ, 15 ਜੂਨ (ਮਨਜੀਤ ਸਿੰਘ ਗਿੱਲ)-ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਲੋਕ ਸਭਾ ਖੇਤਰ ਫ਼ਤਹਿਗੜ੍ਹ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ 'ਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਹੈ ਅਤੇ ਉਨ੍ਹਾਂ ਵਲੋਂ ਲੋਕ ਸਭਾ ਵਿਚ ਉਠਾਈ ਮੰਗ ਅਨੁਸਾਰ ਕੇਂਦਰ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਪਾਇਲ 'ਚ ਨਹਿਰਾਂ 'ਤੇ ਬਣੇ ਪੁਲਾਂ ਦੇ ਨਵੀਨੀਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਕੇਂਦਰ ਸਰਕਾਰ ਵਲੋਂ ਪਿੰਡ ਰਾਣੋ, ਬਿਲਾਸਪੁਰ, ਭਾਡੇਵਾਲ ਤੇ ਨਰਵਾਣਾ ਬਰਾਂਚ 'ਤੇ ਪੁਰਾਣੇ ਪੁਲਾਂ ਨੂੰ ਬਦਲ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਥਾਂ 'ਤੇ ਨਵੀਂ ਤਕਨੀਕ ਦੇ ਬਣੇ ਸਟੀਲ ਪੁਲ ਲਗਾਇਆ ਜਾਣਗੇ | ਡਾਕਟਰ ਅਮਰ ਸਿੰਘ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਨੇੜੇ ਇੰਡਸਟਰੀ ਫੋਕਲ ਪੁਆਇੰਟ, ਖੰਨਾ ਵਿਖੇ ਇੰਡਸਟਰੀ ਫੋਕਲ ਪੁਆਇੰਟ ਵਿੱਚੋਂ ਵਾਇਆ ਰਤਨਹੇੜੀ ਉੱਚਾ ਪਿੰਡ ਖਮਾਣੋ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡਾ ਪੁਲ ਜੋ ਕਿ ਮੁਕੰਮਲ ਹੋ ਚੁੱਕਾ ਹੈ ਅਤੇ ਵੱਖ ਵੱਖ ਪਿੰਡਾਂ ਵਿਚ ਲੱਖਾਂ ਰੁਪਏ ਦੀਆਂ ਗਰਾਂਟਾਂ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕ ਸਭਾ ਵਿਚ ਸਾਰੇ ਸੈਸ਼ਨ 'ਚ ਉਨ੍ਹਾਂ ਦੀ ਮੁਕੰਮਲ ਹਾਜ਼ਰੀ ਅਤੇ ਵੱਖ-ਵੱਖ ਵਿਸ਼ਿਆਂ 'ਤੇ ਸਭ ਤੋਂ ਵੱਧ ਸਵਾਲ ਅਤੇ ਸਭ ਤੋਂ ਵੱਧ ਬਹਿਸ ਵੀ ਕਰਨ ਦਾ ਉਨ੍ਹਾਂ ਨੂੰ ਮਾਣ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵੋਟਰਾਂ ਲਈ ਵੱਡੇ ਮਾਣ ਦੀ ਗੱਲ ਹੈ ਕਿ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਸਰਬ ਪਾਰਟੀ ਮੈਂਬਰ ਪਾਰਲੀਮੈਂਟ ਵਫ਼ਦ 'ਚ ਪਹਿਲਾਂ ਯੂ. ਐਨ. ਓ. 'ਚ ਭਾਸ਼ਨ ਦੇਣ ਲਈ ਭੇਜਿਆ ਗਿਆ ਤੇ ਹੁਣ ਵੱਖ-ਵੱਖ ਦੇਸ਼ਾਂ ਵਿਚ ਭਾਰਤ ਦਾ ਪੱਖ ਰੱਖਣ ਲਈ ਵੀ ਸ਼ਾਮਿਲ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਨੇ ਮੈਂਬਰ ਪਾਰਲੀਮੈਂਟ ਅਮਰ ਸਿੰਘ ਦਾ ਧੰਨਵਾਦ ਕੀਤਾ, ਕਿਉਂਕਿ ਉਨ੍ਹਾਂ ਪਿੱਛੇ ਸਮੇਂ ਦੌਰਾਨ ਹਲਕਾ ਪੈਲ ਦੇ ਵੱਖ-ਵੱਖ ਪਿੰਡਾਂ ਵਿਚ ਵੱਡੇ ਪੱਧਰ 'ਤੇ ਗਰਾਂਟਾਂ ਵੰਡੀਆਂ ਸਨ | ਇਸ ਮੌਕੇ ਚੇਅਰਮੈਨ ਬੰਤ ਸਿੰਘ ਦੋਬੁਰਜੀ, ਸਾਬਕਾ ਪ੍ਰਧਾਨ ਸੁਰਿੰਦਰਪਾਲ ਸੂਦ, ਪ੍ਰਧਾਨ ਰਾਜਵੀਰ ਸਿੰਘ ਰੂਬਲ, ਕੌਂਸਲਰ ਰਾਜਿੰਦਰ ਸਿੰਘ ਗਹੀਰ, ਸਾਬਕਾ ਕੌਂਸਲਰ ਜਸਮਿੰਦਰ ਸਿੰਘ ਜੱਸਾ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਪ੍ਰਧਾਨ ਵਿਨੀਤ ਅਸ਼ਟ, ਸਾਬਕਾ ਪ੍ਰਧਾਨ ਮਲਵਿੰਦਰ ਸਿੰਘ, ਕੌਂਸਲਰ ਨਵਜੀਤ ਸਿੰਘ ਨੈਬ, ਦਲਜੀਤ ਸਿੰਘ ਝੱਜ, ਗੁਰਬਖ਼ਸ਼ ਸਿੰਘ ਕੱਦੋਂ, ਰਾਮਪ੍ਰਕਾਸ਼ ਸਿੰਘ ਪੱਪੂ, ਬਾਬਾ ਇੰਦਰਜੀਤ ਸਿੰਘ ਸ਼ਾਲੂ, ਜੱਸਾ ਰੋੜੀਆਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਥਾਣਾ ਸਦਰ ਖੰਨਾ ਪੁਲਸ ਨੇ ਹੈਰੋਇਨ ਸਮੇਤ ਵਿਅਕਤੀ ਕੀਤਾ ਕਾਬੂ ਅਗਲੀ ਖ਼ਬਰ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।