ਮਲੌਦ, 15 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ, ਸਹਾਰਨ ਮਾਜਰਾ)-ਹਲਕਾ ਪਾਇਲ ਦੀ ਮਾਣਮੱਤੀ ਸ਼ਖ਼ਸੀਅਤ ਅਤੇ ਪਿੰਡ ਲਸਾੜਾ ਦੇ ਜੰਮਪਲ ਰਾਜਿੰਦਰ ਸਿੰਘ ਰਾਏ ਨੂੰ ਪੰਜਾਬ ਸਰਕਾਰ ਵਲੋਂ ਰੇਰਾ (ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ, ਪੰਜਾਬ) ਦਾ ਐਡਜੂਡੀਕੇਟਿੰਗ ਅਫ਼ਸਰ (ਜੱਜ) ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵਲੋਂ ਬੀਤੇ ਦਿਨ ਚੰਡੀਗੜ੍ਹ ਵਿਖੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ | ਹੁਣ ਉਹ ਪੰਜਾਬ ਦੇ ਰੀਅਲ ਅਸਟੇਟ ਦੇ ਮਾਮਲਿਆਂ ਨਾਲ ਸਬੰਧਿਤ ਝਗੜਿਆਂ ਦਾ ਨਿਪਟਾਰਾ ਚੰਡੀਗੜ੍ਹ ਵਿਚ ਕਰਿਆ ਕਰਨਗੇ | ਇਸ ਤੋਂ ਪਹਿਲਾਂ ਰਾਜਿੰਦਰ ਸਿੰਘ ਰਾਏ ਕਰੀਬ 32-33 ਸਾਲ ਬਤੌਰ ਜੱਜ ਤੋਂ ਲੈ ਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸੇਵਾਵਾਂ ਨਿਭਾਅ ਚੁੱਕੇ ਹਨ | ਉਪਰੰਤ ਉਹ ਸਥਾਈ ਲੋਕ ਅਦਾਲਤ ਬਠਿੰਡਾ ਦੇ ਚੇਅਰਮੈਨ ਸਨ | ਇਸ ਉੱਚ ਅਹੁਦੇ ਪਹੁੰਚ ਕੇ ਉਨ੍ਹਾਂ ਨੇ ਆਪਣਾ, ਆਪਣੇ ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਸਰਕਾਰ ਵਲੋਂ ਇਹ ਨਿਯੁਕਤੀ ਉਨ੍ਹਾਂ ਦੀ ਇਮਾਨਦਾਰੀ, ਨੇਕ ਨੀਤੀ ਅਤੇ ਕਾਬਲੀਅਤ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ | ਇਸ ਸਬੰਧੀ ਰਾਜਿੰਦਰ ਸਿੰਘ ਰਾਏ ਦੇ ਸਮੂਹ ਪਰਿਵਾਰ ਵਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਪਿੰਡ ਲਸਾੜਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਸਿਹੌੜਾ, ਲਸਾੜਾ ਸੋਸ਼ਲ ਵੈਲਫੇਅਰ ਕਲੱਬ ਲਸਾੜਾ, ਗ੍ਰਾਮ ਪੰਚਾਇਤ ਲਸਾੜਾ ਲੱਖੋਵਾਸ ਤੇ ਪੋਹਲੇਵਾਸ, ਡੇਰਾ ਬਾਬਾ ਗਾਜੀ ਦਾਸ, ਰਵਿਦਾਸ ਸਭਾ ਸਮੇਤ ਸਮੂਹ ਨਗਰ ਨਿਵਾਸੀਆਂ ਨੇ ਵਧ ਚੜ ਕੇ ਰਾਜਿੰਦਰ ਸਿੰਘ ਰਾਏ ਅਤੇ ਉਹਨਾਂ ਦੀ ਪਤਨੀ ਗੁਲਪ੍ਰੀਤ ਕੌਰ ਰਾਏ ਨੂੰ ਸਿਰੋਪਾਓ, ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਲਖਵੀਰ ਸਿੰਘ ਸ਼ੈਸ਼ਨ ਜੱਜ, ਅਮਨਦੀਪ ਸਿੰਘ ਚੌਹਾਨ ਜ਼ਿਲ੍ਹਾ ਸੈਸ਼ਨ ਜੱਜ ਮੋਹਾਲੀ, ਪ੍ਰਧਾਨ ਸੰਜੀਵ ਪੁਰੀ ਮਲੌਦ, ਪਿ੍ੰ: ਹਰਦੀਪ ਸਿੰਘ ਜੁਲਮਗੜ੍ਹ, ਜਸਵੰਤ ਸਿੰਘ ਮੁੱਖ ਮੈਨੇਜਰ ਚੰਡੀਗੜ੍ਹ, ਐਡਵੋਕੇਟ ਸਰਬਜੀਤ ਸਿੰਘ ਗਿੱਲ, ਬਲਵੀਰ ਸਿੰਘ ਸਾਬਕਾ ਏ. ਆਈ. ਜੀ. ਲਸਾੜਾ, ਅਮਨਪ੍ਰੀਤ ਸਿੰਘ ਸੰਧੂ, ਸਰਪੰਚ ਸਿਕੰਦਰ ਸਿੰਘ ਲਸਾੜਾ ਪੋਹਲੇਵਾਸ, ਸਰਪੰਚ ਚਮਕੌਰ ਸਿੰਘ ਲਸਾੜਾ ਲੱਖੋਵਾਸ, ਜੋਗਿੰਦਰ ਸਿੰਘ ਆਜ਼ਾਦ ਜਰਗ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਰਜਿ.ਪੰਜਾਬ ਸਰਕਲ ਪਾਇਲ, ਬਾਬਾ ਬਲਵੰਤ ਦਾਸ, ਵਿਜੈ ਕੁਮਾਰ ਮਲੌਦ, ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਸਮੇਤ ਹੋਰ ਹਾਜ਼ਰ ਸਨ |