ਜਗਰਾਉਂ, 22 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂਆਂ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਮਰੀਕਾ ਵਲੋਂ ਈਰਾਨ 'ਤੇ ਅੱਜ ਕੀਤੇ ਨਾਜਾਇਜ਼ ਅਤੇ ਨਿਹੱਕੇ ਹਮਲਿਆਂ ਦੀ ਜ਼ੋਰਦਾਰ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਜ਼ਰਾਈਲ ਵਲੋਂ ਪਿਛਲੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਈਰਾਨ ਉੱਤੇ ਬੇਤਹਾਸ਼ਾ ਹਵਾਈ ਹਮਲੇ ਕੀਤੇ ਜਾ ਰਹੇ ਸਨ | ਇਨ੍ਹਾਂ ਦਾ ਦੁਨੀਆਂ ਭਰ ਵਿਚ ਵੱਡੇ ਪੱਧਰ 'ਤੇ ਵਿਰੋਧ ਹੋ ਰਿਹਾ ਹੈ | ਇਜ਼ਰਾਈਲ ਵਲੋਂ ਹਜ਼ਾਰਾਂ ਫਿਲੀਸਤੀਨੀ ਬੱਚਿਆਂ ਅਤੇ ਬੇਗੁਨਾਹ ਔਰਤਾਂ ਦੇ ਕਤਲ ਕੀਤੇ ਜਾ ਰਹੇ ਹਨ, ਪੂਰੀ ਗਾਜਾ ਪੱਟੀ ਉਜਾੜ ਦਿੱਤੀ ਗਈ ਹੈ | ਦੂਜੇ ਪਾਸੇ ਅਮਰੀਕਾ ਨੇ ਇਜ਼ਰਾਈਲ ਨੂੰ ਜੰਗ ਰੋਕਣ ਅਤੇ ਸ਼ਾਂਤੀ ਲਈ ਵਾਰਤਾ ਸ਼ੁਰੂ ਕਰਨ ਬਾਰੇ ਕਹਿਣ ਦੀ ਬਜਾਏ ਈਰਾਨ ਦੇ ਤਿੰਨ ਸਿਵਲ ਪ੍ਰਮਾਣੂ ਟਿਕਾਣਿਆਂ 'ਤੇ ਵੱਡੇ ਬੰਬਾਂ ਨਾਲ ਹਮਲੇ ਕਰਕੇ ਭਾਰੀ ਮਾਲੀ ਤੇ ਜਾਨੀ ਨੁਕਸਾਨ ਕਰਕੇ ਸਾਮਰਾਜੀ ਗੁੰਡਾਗਰਦੀ ਦਾ ਨੰਗਾ ਨਾਚ ਨੱਚ ਲਿਆ ਹੈ | ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਚਾਹੀਦਾ ਹੈ ਕਿ ਉਹ ਫੌਰੀ ਜੰਗਬੰਦੀ ਕਰਕੇ ਮਸਲੇ ਦਾ ਗੱਲਬਾਤ ਰਾਹੀਂ ਹੱਲ ਕਰਨ |