29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਬੈਂਕ ਰੋਡ 'ਤੇ ਹਫ਼ਤਾ ਪਹਿਲਾਂ ਪਏ ਮੀਂਹ ਦੇ ਖੜ੍ਹੇ ਪਾਣੀ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 23-06-2025
ਰਾਏਕੋਟ, 22 ਜੂਨ (ਬਲਵਿੰਦਰ ਸਿੰਘ ਲਿੱਤਰ)-'ਰਾਏਕੋਟ ਇਕ ਅਜਿਹਾ ਸ਼ਹਿਰ ਨਗੀਨਾ, ਜਿੱਥੇ ਮੀਂਹ ਪਵੇ ਇਕ ਦਿਨ, ਪਾਣੀ ਖੜ੍ਹਦਾ ਪੂਰਾ ਮਹੀਨਾ' ਇਹ ਹਾਲ ਸਥਾਨਕ ਸ਼ਹਿਰ ਦੇ ਬੈਂਕ ਰੋਡ (ਪੁਰਾਣੇ ਬੱਸ ਅੱਡੇ ਵਾਲਾ) ਉੱਪਰ ਬਣੇ ਹੋਏ ਹਨ | ਜਿੱਥੇ ਇਕ ਹਫ਼ਤਾ ਪਹਿਲਾਂ ਪਈ ਭਾਰੀ ਬਾਰਿਸ਼ ਦਾ ਪਾਣੀ ਅਜੇ ਵੀ ਸੜਕਾਂ ਕਿਨਾਰੇ ਖੜ੍ਹਾ ਹੈ | ਜਿਸ ਕਾਰਨ ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਵਸਨੀਕਾਂ ਸਮੇਤ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਗਰਮੀ ਦੇ ਮੌਸਮ ਵਿਚ ਸੜਕਾਂ ਕਿਨਾਰੇ ਖੜ੍ਹਾ ਇਹ ਬਰਸਾਤੀ ਪਾਣੀ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਜੁਗਰਾਜ ਸਿੰਘ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਦੇ ਪ੍ਰਮੁੱਖ ਬੈਂਕ ਰੋਡ ਉੱਪਰ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ਼ ਦੀ ਬਣਤਰ ਸਹੀ ਨਾ ਹੋਣ ਕਾਰਨ ਥੋੜ੍ਹੇ ਜਿਹੇ ਪਏ ਮੀਂਹ ਦਾ ਪਾਣੀ ਕਈ-ਕਈ ਦਿਨ ਖੜ੍ਹਾ ਰਹਿੰਦਾ ਹੈ | ਜਿਸ ਕਾਰਨ ਦੁਕਾਨਦਾਰਾਂ ਤੇ ਵਸਨੀਕਾਂ ਨੂੰ ਲੰਘਣ ਵਿਚ ਕਾਫੀ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ, ਉੱਥੇ ਹੀ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਰ ਸਮੇਂ ਸੜਕ ਹਾਦਸੇ ਵਾਪਰਨ ਦਾ ਡਰ ਬਣਿਆਂ ਰਹਿੰਦਾ ਹੈ, ਬਲਕਿ ਇਹ ਗੰਦਾ ਪਾਣੀ ਮੱਛਰ ਆਦਿ ਜੀਵ-ਜੰਤੂਆਂ ਸਮੇਤ ਕਈਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜਦਕਿ ਇਸ ਸੜਕ ਉੱਪਰ ਗੰਦੇ ਪਾਣੀ ਦੀ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ, ਪ੍ਰੰਤੂ ਨਗਰ ਕੌਂਸਲ ਅਧਿਕਾਰੀ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਏ.ਸੀ. ਦਫ਼ਤਰਾਂ ਵਿਚ ਹੱਥ ਉੱਤੇ ਹੱਥ ਧਰੀ ਬੈਠੇ ਹਨ | ਉਨ੍ਹਾਂ ਦੱਸਿਆ ਕਿ ਇਸ ਸੜਕ ਉੱਪਰ ਅੱਧੀ ਦਰਜਨ ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਦੀਆਂ ਬ੍ਰਾਂਚਾ ਸਮੇਤ ਐੱਲ.ਆਈ.ਸੀ ਬ੍ਰਾਂਚ ਦਫ਼ਤਰ ਅਤੇ ਇਕ ਪ੍ਰਾਈਵੇਟ ਹਸਪਤਾਲ ਵੀ ਮੌਜੂਦ ਹੈ, ਉੱਥੇ ਹੀ ਇਹ ਸੜਕ ਲੁਧਿਆਣਾ-ਬਠਿੰਡਾ ਅਤੇ ਮਲੇਰਕੋਟਲਾ-ਅਹਿਮਦਗੜ੍ਹ 'ਤੇ ਸਥਿਤ ਸਰਦਾਰ ਹਰੀ ਸਿੰਘ ਨਲੂਆ ਚੌਂਕ ਤੋਂ ਸਥਾਨਕ ਤਲਵੰਡੀ ਗੇਟ ਤੱਕ ਜਾਂਦੀ ਹੈ ਅਤੇ ਸ਼ਹਿਰ ਦੀ ਪ੍ਰਮੁੱਖ ਸੜਕ ਹੋਣ ਕਾਰਨ ਇਸ ਰੋਡ ਉੱਪਰ ਹਰ ਸਮੇਂ ਭਾਰੀ ਆਵਾਜਾਈ ਰਹਿੰਦੀ ਹੈ | ਉਨ੍ਹਾਂ ਮੰਗ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ, ਪ੍ਰਸ਼ਾਸ਼ਨ ਤੇ ਨਗਰ ਕੌਂਸਲ ਰਾਏਕੋਟ ਇਸ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿਵਾਏ |
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਰਾਏਕੋਟ ਦਾ-
ਉਧਰ ਜਦ ਦੂਜੇ ਪਾਸੇ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸੜਕ ਦੇ ਖੜ੍ਹੇ ਇਸ ਗੰਦੇ ਪਾਣੀ ਨੂੰ ਸਵੇਰੇ ਸੋਮਵਾਰ ਨੂੰ ਕਢਵਾ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ |
ਕੀ ਕਹਿਣਾ ਹੈ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਦਾ-
ਜਦ ਇਸ ਮਾਮਲੇ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸੜਕ 'ਤੇ ਬਰਸਾਤੀ ਖੜ੍ਹਨ ਦਾ ਮੁੱਖ ਕਾਰਨ ਲੋਕਾਂ ਵਲੋਂ ਸੜਕ ਕਿਨਾਰੇ ਬਣੇ ਨਾਲਿਆਂ ਨੂੰ ਦੁਕਾਨਾਂ ਦੀਆਂ ਦੇਹਲੀਆਂ ਨਾਲ ਢੱਕਣ ਕਾਰਨ ਸਮੱਸਿਆ ਪੈਦਾ ਹੋਈ ਹੈ, ਕਿਉਂਕਿ ਜੇ ਇਹ ਨਾਲੇ ਨੰਗੇ ਹੁੰਦੇ ਤਾਂ ਬਰਸਾਤੀ ਪਾਣੀ ਆਪਣੇ-ਆਪ ਨਾਲਿਆਂ ਰਾਹੀਂ ਅੱਗੇ ਚਲਾ ਜਾਣਾ ਸੀ, ਪਰ ਹੁਣ ਨਾਲੇ ਬੰਦ ਹੋਣ ਕਾਰਨ ਪਾਣੀ ਸੜਕ 'ਤੇ ਖੜ੍ਹਾ ਰਹਿੰਦਾ ਹੈ | ਜਿਸ ਨੂੰ ਨਗਰ ਕੌਂਸਲ ਵਲੋਂ ਡਿਸਪੋਜ਼ਲ ਪੰਪ ਚਲਾ ਕੇ ਸੀਵਰੇਜ਼ ਰਾਹੀਂ ਖਿੱਚਿਆ ਜਾਂਦਾ ਹੈ ਅਤੇ ਇਹ ਸਭ ਪ੍ਰਕਿਰਿਆ ਵਿਚ ਸਮਾਂ ਲੱਗ ਜਾਂਦਾ ਹੈ | ਇਸ ਲਈ ਸਮੱਸਿਆ ਦੇ ਹੱਲ ਵਾਸਤੇ ਲੋਕਾਂ ਨੂੰ ਨਗਰ ਕੌਂਸਲ ਦਾ ਸਾਥ ਦੇਣਾ ਚਾਹੀਦਾ ਹੈ |
ਪਿਛਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਤੇ ਹਮਲਿਆਂ ਦੀ ਇਨਕਲਾਬੀ ਕੇਂਦਰ ਪੰਜਾਬ ਵਲੋਂ ਜ਼ੋਰਦਾਰ ਨਿੰਦਾ ਅਗਲੀ ਖ਼ਬਰ ਪਿੰਡ ਮੰਡਿਆਣੀ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਤੇ ਭੰਡਾਰਾ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।