ਰਾਏਕੋਟ, 22 ਜੂਨ (ਬਲਵਿੰਦਰ ਸਿੰਘ ਲਿੱਤਰ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਾਰੀਆਂ ਫ਼ਸਲਾਂ ਨੂੰ ਐੱਮ.ਐੱਸ.ਪੀ. ਰੇਟਾਂ ਮੁਤਾਬਿਕ ਖ਼ਰੀਦਣ ਦੇ ਕਾਨੂੰਨ ਨੂੰ ਲਾਗੂ ਕਰਨ ਦਾ ਢੰਢੋਰਾ ਪਿੱਟਿਆ ਗਿਆ ਸੀ ਪਰ ਹੁਣ ਕਿਸਾਨਾਂ ਵਲੋਂ ਬੜੀ ਮਿਹਨਤ-ਮੁਸ਼ੱਕਤ ਨਾਲ ਪਾਲੀ ਗਈ ਮੂੰਗੀ ਦੀ ਫ਼ਸਲ ਨੂੰ ਖ਼ਰੀਦਣ ਦੇ ਨਾਂਅ 'ਤੇ ਪ੍ਰਾਈਵੇਟ ਖ਼ਰੀਦਦਾਰ ਵਲੋਂ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਵੱਡੀ ਪੱਧਰ 'ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ | ਇਸ ਸਬੰਧੀ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਅਤੇ ਬਲਾਕ ਰਾਏਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਗੋਂਦਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਇਕ ਪਾਸੇ ਤਾਂ 'ਆਪ' ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਆਖ ਰਹੀ ਹੈ ਪਰ ਹੁਣ ਜਦੋਂ ਕਿਸਾਨ ਭਰਾ ਸਰਕਾਰ ਦੇ ਆਖ਼ਣ ਮੁਤਾਬਿਕ ਹੋਰਨਾਂ ਫ਼ਸਲਾਂ ਜਿਵੇਂ ਮੂੰਗੀ, ਮੱਕੀ ਆਦਿ ਦੀ ਪੈਦਾਵਾਰ ਕਰਨ ਲੱਗੇ ਹਨ ਤਾਂ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਵਾਜਿਬ ਭਾਅ ਦੇਣ ਤੋਂ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ, ਜਿਸ ਨਾਲ ਜਿੱਥੇ ਮੰਡੀਆਂ ਵਿਚ ਪ੍ਰਾਈਵੇਟ ਖ਼ਰੀਦਦਾਰ ਕਿਸਾਨਾਂ ਦੀ ਵੱਡੀ ਪੱਧਰ 'ਤੇ ਆਰਥਿਕ ਲੁੱਟ ਕਰ ਰਹੇ ਹਨ, ਉੱਥੇ ਹੀ ਕਿਸਾਨ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਵਰ੍ਹੇ ਸੂਬਾ ਸਰਕਾਰ ਵਲੋਂ ਮੂੰਗੀ ਦੀ ਸਰਕਾਰੀ ਖ਼ਰੀਦ ਕੀਤੀ ਗਈ ਸੀ ਪ੍ਰੰਤੂ ਹੁਣ ਇਸ ਵਾਰ ਸਰਕਾਰ ਵਲੋਂ ਮੂੰਗੀ ਦੀ ਫ਼ਸਲ ਨੂੰ ਖ਼ਰੀਦਣ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੂਬੇ ਦੇ ਮਿਹਨਤੀ ਕਿਸਾਨਾਂ ਦੀ ਮਿਹਨਤ ਨੂੰ ਉਤਸ਼ਾਹਿਤ ਕਰਨ ਲਈ ਫਸਲਾਂ ਦੇ ਚੰਗੇ ਭਾਅ ਦੇਵੇ |