ਦੋਰਾਹਾ, 15 ਅਕਤੂਬਰ (ਮਨਜੀਤ ਸਿੰਘ ਗਿੱਲ)-ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੋਰਾਹਾ ਰਾਸ਼ਟਰੀ ਰਾਜ ਮਾਰਗ ਦੇ ਨਾਲ ਸਰਵਿਸ ਰੋਡ 'ਤੇ ਸਥਿਤ ਐਨਰੋ ਸਟੀਲਜ਼ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਨੂੰ ਸੀਲ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ, ਦੋਰਾਹਾ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਦੋਰਾਹਾ ਜੀ. ਟੀ. ਰੋਡ ਦੇ ਨਾਲ ਸਰਵਿਸ ਰੋਡ 'ਤੇ ਸਥਿਤ ਇੱਕ ਫ਼ੈਕਟਰੀ ਐਨਰੋ ਸਟੀਲਜ਼ ਪ੍ਰਾਈਵੇਟ ਲਿਮਟਿਡ ਦਾ ਦੌਰਾ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਦੁਆਰਾ ਫ਼ੈਕਟਰੀ ਨੂੰ ਸੀਲ ਕਰ ਦਿੱਤਾ ਗਿਆ | ਦੋਰਾਹਾ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ, ਹਰਨਰਿੰਦਰ ਸਿੰਘ ਸ਼ੇਰਗਿੱਲ ਵੀ ਅਧਿਕਾਰੀਆਂ ਦੇ ਨਾਲ ਮੌਜੂਦ ਸਨ | ਇਸ ਮੌਕੇ ਬੋਲਦਿਆਂ ਕਾਰਜ ਸਾਧਕ ਅਧਿਕਾਰੀ ਹਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਫੈਕਟਰੀ ਮਾਲਕ ਨੂੰ ਟੈਕਸ ਬਕਾਏ ਸੰਬੰਧੀ ਵਾਰ-ਵਾਰ ਨੋਟਿਸ ਭੇਜੇ ਗਏ ਸਨ, ਪਰ ਉਸਨੇ ਸਰਕਾਰੀ ਟੈਕਸ ਬਕਾਏ ਦਾ ਭੁਗਤਾਨ ਨਹੀਂ ਕੀਤਾ ਸੀ, ਜਿਸ ਕਾਰਨ ਨਗਰ ਕੌਂਸਲ ਨੇ ਅੱਜ ਫ਼ੈਕਟਰੀ ਨੂੰ ਸੀਲ ਕਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਫ਼ੈਕਟਰੀ ਮਾਲਕ ਅਜੇ ਵੀ ਨਗਰ ਕੌਂਸਲ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨ ਵਿੱਚ ਅਸਫਲ ਰਿਹਾ, ਤਾਂ ਭਵਿੱਖ ਵਿੱਚ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਕਾਰਜਕਾਰੀ ਅਧਿਕਾਰੀ ਨੇ ਦੂਜਿਆਂ ਨੂੰ ਬਕਾਇਆ ਟੈਕਸ ਅਦਾ ਕਰਨ ਦਾ ਸੁਨੇਹਾ ਵੀ ਦਿੱਤਾ |