ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਸਾਬਕਾ ਬਲਾਕ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ 2012 ਤੋਂ ਆਮ ਆਦਮੀ ਪਾਰਟੀ ਦੀ ਤਨਦੇਹੀ ਨਾਲ ਸੇਵਾ ਨਿਭਾਈ ਹੈ | ਇਸ ਸਮੇਂ ਦੌਰਾਨ ਕਾਫੀ ਲੰਮਾ ਸਮਾਂ ਬਲਾਕ ਪ੍ਰਧਾਨ ਵੀ ਰਿਹਾ | ਉਸ ਨੇ ਕਿਹਾ ਕਿ ਬੀਤੇ ਦਿਨੀਂ ਪਾਰਟੀ ਦੇ ਸੀਨੀਅਰ ਆਗੂ ਰਹੇ ਲਛਮਣ ਸਿੰਘ ਗਰੇਵਾਲ ਦੀ ਧਰਮ ਪਤਨੀ ਬਿਮਾਰ ਸਨ, ਜਿਨ੍ਹਾਂ ਦਾ ਹਾਲਚਾਲ ਪੁੱਛਣ ਲਈ ਮੈਂ ਉਨ੍ਹਾਂ ਦੇ ਘਰ ਗਿਆ ਸੀ | ਉਸ ਮੌਕੇ ਦੀ ਫ਼ੋਟੋ ਨੂੰ ਮੁੱਦਾ ਬਣਾ ਕੇ ਮੈਨੂੰ ਪਾਰਟੀ ਦੀ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ | ਇਹ ਕਾਰਵਾਈ ਅਵਤਾਰ ਸਿੰਘ (ਹਲਕਾ ਸੰਗਠਨ ਇੰਚਾਰਜ) ਵਲੋਂ ਕੀਤੀ ਗਈ ਹੈ, ਹਾਲਾਂਕਿ ਕਿ ਉਨ੍ਹਾਂ ਕੋਲ ਇਸ ਦਾ ਕੋਈ ਅਧਿਕਾਰ ਨਹੀਂ ਹੈ | ਗੁਰਜੀਤ ਸਿੰਘ ਨੇ ਕਿਹਾ ਕਿ ਮੈ ਹੈਰਾਨ ਹਾਂ ਕਿ ਜੇਕਰ ਪਾਰਟੀ ਦਾ ਕੋਈ ਮੈਂਬਰ ਕਿਸੇ ਨਾਲ ਪਰਿਵਾਰਕ ਸਾਂਝ ਰੱਖਦਾ ਹੈ ਤਾਂ ਇਸ ਨੂੰ ਗੁਨਾਹ ਘੋਸ਼ਿਤ ਕਰਨਾ ਕਿੱਥੋਂ ਦੀ ਸਿਆਣਪ ਹੈ | ਜੋ ਦੁੱਖ ਸੁੱਖ 'ਚ ਸ਼ਰੀਕ ਹੋਣ ਵਾਲੇ ਨੂੰ ਅਪਰਾਧੀ ਬਣਾਇਆ ਜਾ ਰਿਹਾ ਹੈ | ਬਾਕੀ ਪਾਰਟੀ ਦੀ ਗੱਲ ਕਰੀਏ ਤਾਂ ਸਾਰੇ ਟਕਸਾਲੀ ਵਰਕਰਾਂ ਨਾਲ ਮਤਰੇਈ ਮਾਂ ਵਾਲੇ ਵਿਵਹਾਰ ਤੋਂ ਸਾਰੇ ਵਰਕਰ ਨਾਰਾਜ਼ ਹਨ | ਦੂਜੀਆਂ ਪਾਰਟੀਆਂ ਵਿਚੋਂ ਆਏ ਮਾੜੇ ਅਕਸ ਵਾਲੇ ਲੋਕ ਪਾਰਟੀ ਨੂੰ ਚਲਾ ਰਹੇ ਹਨ, ਜਿਹਨਾਂ ਦਾ ਅਸਲ ਵਿਚ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈ ਸਾਰੀ ਤਾਕਤ ਵੀ ਉਨ੍ਹਾਂ ਨੂੰ ਹੀ ਦਿੱਤੀ ਜਾ ਰਹੀ ਹੈ | ਗੁਰਜੀਤ ਸਿੰਘ ਗਿੱਲ ਨੇ ਹਲਕਾ ਨਿਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਲੋਕਾਂ ਦੇ ਖ਼ਿਲਾਫ਼ ਹੈ |