ਸਾਹਨੇਵਾਲ, 16 ਅਕਤੂਬਰ (ਹਨੀ ਚਾਠਲੀ)- ਅੱਜ ਸਾਹਨੇਵਾਲ ਨਗਰ ਕੌਂਸਲ ਵਿਖੇ ਇਕ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਸਾਹਨੇਵਾਲ ਦੀ ਪ੍ਰਧਾਨ ਪੂਜਾ ਭਾਟੀਆ, ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਸਵਰਨ ਸੋਨੀ ਦੀ ਅਗਵਾਈ ਹੇਠ ਮੀਟਿੰਗ ਹੋਈ ¢ ਇਸ ਮੌਕੇ ਪ੍ਰਧਾਨ ਪੂਜਾ ਭਾਟੀਆ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਆਪਣੇ ਵਾਰਡਾਂ 'ਚ ਵਿਕਾਸ ਦੇ ਕੰਮ ਕਰਵਾਉਣ ਸਬੰਧੀ ਆਪਣੀਆਂ ਮੰਗਾਂ ਰੱਖੀਆਂ | ਜਿਸ 'ਤੇ ਵਾਰਡਾਂ ਦੇ ਕੌਂਸਲਰਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੇ ਹਰ ਇੱਕ ਵਾਰਡ ਵਿੱਚ ਵਿਕਾਸ ਦੇ ਕੰਮ ਬਿਨਾਂ ਭੇਦ ਭਾਵ ਤੋਂ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਦੀਆਂ ਸਾਰੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀਆਂ ਹਰ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਪ੍ਰਧਾਨ ਪੂਜਾ ਭਾਟੀਆ ਨੇ ਦੱਸਿਆ ਕਿ ਮੀਟਿੰਗ ਦੌਰਾਨ ਤਕਰੀਬਨ ਸਾਢੇ ਤਿੰਨ ਕਰੋੜ ਰੁਪਏ ਦੇ ਕੰਮਾਂ ਦੇ ਮਤੇ ਪਾਸ ਕੀਤੇ ਗਏ ਅਤੇ ਇਸ ਤੋਂ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਬਾਹਰ ਹੋਈ ਨਿਊ ਕਾਲੋਨੀ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਕੇ ਨਗਰ ਕੌਂਸਲ ਸਾਹਨੇਵਾਲ ਦੇ ਹੱਦ ਵਿਚ ਲਿਆਉਣ ਦੇ ਮਤੇ ਨੂੰ ਪਾਸ ਕੀਤਾ ਗਿਆ ਹੈ¢ ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਨਿਊ ਕਾਲੋਨੀ ਨੂੰ ਸਾਹਨੇਵਾਲ ਨਗਰ ਕੌਂਸਲ ਤੋਂ ਬਾਹਰ ਕਰ ਦਿੱਤਾ ਗਿਆ ਸੀ ਤੇ ਹੁਣ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਹੁਕਮਾਂ ਸਦਕਾ ਨਿਊ ਕਾਲੋਨੀ ਨੂੰ ਮੀਟਿੰਗ ਦੌਰਾਨ ਕੌਂਸਲਰਾਂ ਦੀ ਹਾਜ਼ਰੀ 'ਚ ਸਰਬਸੰਮਤੀ ਨਾਲ ਮਤੇ ਨੂੰ ਪਾਸ ਕਰ ਕੇ ਨਿਊ ਕਾਲੋਨੀ ਕਨੇਚ ਰੋਡ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ¢ ਇਸ ਮੌਕੇ ਕੁਲਵਿੰਦਰ ਕੌਰ ਧਾਲੀਵਾਲ, ਅੰਮਿ੍ਤਾ ਅਨੇਜਾ, ਜੋਤੀ, ਕੁਲਜੀਤ ਸਿੰਘ ਸੰਧੂ, ਅਮਨਜੋਤ ਸਿੰਘ ਪਨੇਸਰ, ਸਵਰਨਜੀਤ ਕੌਰ, ਜਸਵਿੰਦਰ ਕੌਰ, ਪਲਵਿੰਦਰ ਸਿੰਘ ਸੰਧੂ, (ਸਾਰੇ ਕੌਂਸਲਰ) ਤੋਂ ਇਲਾਵਾ ਪ੍ਰਭਜੋਤ ਸਿੰਘ ਖ਼ਾਲਸਾ, ਟਰੇਡ ਵਿੰਗ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਾਜਦੀਪ ਭਾਟੀਆ, ਸਤਵਿੰਦਰ ਸਿੰਘ ਹੈਪੀ, ਕਰਨ ਅਨੇਜਾ, ਗੁਰਮੀਤ ਸਿੰਘ, ਬਲਵੰਤ ਸਿੰਘ ਨੰਦਪੁਰ ਆਦਿ ਹਾਜ਼ਰ ਸਨ¢