ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਦੀ ਰਾਸ਼ਟਰੀ ਸੇਵਾ ਯੋਜਨਾ ਇਕਾਈ ਦੇ ਐਨ.ਸੀ.ਸੀ. ਕੈਡਿਟਾਂ ਅਤੇ ਵਲੰਟੀਅਰਾਂ ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਲਈ ਰੈਲੀ ਕੱਢੀ ਗਈ | ਰੈਲੀ ਵਿਚ ਕੈਡਿਟਾਂ ਅਤੇ ਵਲੰਟੀਅਰਾਂ ਨੇ ਆਪਣੇ ਹੱਥਾਂ ਵਿਚ ਗ੍ਰੀਨ ਦੀਵਾਲੀ ਦੇ ਪੋਸਟਰ ਅਤੇ ਬੈਨਰ ਫੜੇ ਹੋਏ ਸਨ ਤੇ ਲੋਕਾਂ ਨੰੂ ਇਸ ਬਾਰੇ ਜਾਗਰੂਕ ਕਰ ਰਹੇ ਸਨ | ਇਸ ਦੇ ਨਾਲ ਲੋਕਾਂ ਨੂੰ ਦੇਸ਼ ਵਿਚ ਬਣੇ ਸਾਮਾਨ ਖਰੀਦਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਸੀ | ਇਸ ਮੌਕੇ ਪਿ੍ੰਸੀਪਲ ਕਰਨਜੀਤ ਸਿੰਘ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਸਾਹ ਲੈਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਵੱਡੀ ਉਮਰ ਦੇ ਲੋਕ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ | ਇਸ ਲਈ ਸਾਨੂੰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਪਟਾਕੇ ਚਲਾਉਣੇ ਚਾਹੀਦੇ ਹਨ | ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ | ਇਸ ਲਈ ਸਾਨੂੰ ਹਰ ਜਗ੍ਹਾ ਰੌਸ਼ਨੀ ਫੈਲਾਉਣੀ ਚਾਹੀਦੀ ਹੈ | ਇਸ ਮੌਕੇ ਪਰਮਬੀਰ ਸਿੰਘ, ਮਨੋਜ ਕੁਮਾਰ, ਮਨਦੀਪ ਸਿੰਘ, ਮਨਦੀਪ ਕੌਰ ਅਤੇ ਗੁਰਪ੍ਰੀਤ ਕੌਰ ਵੀ ਮੌਜੂਦ ਸਨ |