ਮਲੌਦ, 16 ਅਕਤੂਬਰ (ਸਹਾਰਨ ਮਾਜਰਾ)-ਉੱਘੇ ਆਗੂ ਮਾਨ ਸਿੰਘ ਗਰਚਾ ਨੇ ਕੈਨੇਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਵ. ਜਥੇ. ਪ੍ਰਦੁਮਣ ਸਿੰਘ ਚੀਮਾ ਦੇ ਦਿਹਾਂਤ 'ਤੇ ਉਨ੍ਹਾਂ ਦੇ ਸਪੁੱਤਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਥੇਦਾਰ ਪ੍ਰਦੁਮਣ ਸਿੰਘ ਚੀਮਾ ਪੰਥਕ ਅਤੇ ਸੁਘੜ ਰਾਜਨੀਤਕ ਸੋਚ ਸਦਕਾ ਸਿਆਸੀ ਹਲਕਿਆਂ ਤੋਂ ਇਲਾਵਾ ਹਰੇਕ ਖੇਤਰ ਵਿੱਚ ਸਤਿਕਾਰਿਤ ਸ਼ਖ਼ਸੀਅਤ ਸਨ | ਉਨ੍ਹਾਂ ਦਾ ਹਰ ਖੇਤਰ ਵਿੱਚ ਬਹੁਤ ਵੱਡਾ ਨਾਮ ਰਿਹਾ | ਉਨ੍ਹਾਂ ਦੀ ਪੰਥ ਤੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ | ਜਿਸ ਨਾਲ ਅੱਜ ਚੀਮਾ ਪਰਿਵਾਰ ਤਰੱਕੀਆਂ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜਥੇਦਾਰ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਲੰਮਾ ਸਮਾਂ ਸਰਗਰਮ ਰਾਜਨੀਤੀ ਕੀਤੀ | ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਕਰੀਬੀ ਰਹੇ | ਉਨ੍ਹਾਂ ਵਲੋਂ ਰਾਜਨੀਤੀ ਵਿੱਚ ਤਾਂ ਦਿਨ ਰਾਤ ਮਿਹਨਤ ਕਰਕੇ ਵੱਡੇ ਮੁਕਾਮ ਤਾਂ ਹਾਸਿਲ ਕੀਤੇ ਗਏ | ਨਾਲ ਹੀ ਸੋਸ਼ਲ ਸੇਵਾਵਾਂ ਰਾਹੀਂ ਲੋੜਵੰਦਾਂ ਦੇ ਦਰਦਾਂ ਤੇ ਮਲ੍ਹਮ ਲਗਾ ਕੇ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ | ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਭਾਜਪਾ ਦੇ ਸੂਬਾ ਐਜੂਕੇਟਰ ਸੈੱਲ ਦੇ ਕਨਵੀਨਰ ਸੰਜੀਵ ਮੋਦਗਿੱਲ, ਸਾਬਕਾ ਪ੍ਰਧਾਨ ਨਗਰ ਪੰਚਾਇਤ ਮਲੌਦ ਸੰਜੀਵ ਪੁਰੀ, ਇੰਜ. ਹਰਮਿੰਦਰ ਸਿੰਘ ਸਹਾਰਨ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਨੇਹੀਆਂ, ਰਾਜਨੀਤਿਕ ਆਗੂਆਂ, ਵੱਖ-ਵੱਖ ਸੰਸਥਾਵਾਂ, ਮਾਲਵਾ ਸੋਸ਼ਲ ਵੈਲਫੇਅਰ ਕਲੱਬ ਮਲੌਦ ਵਲੋਂ ਚੀਮਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ |