ਰਾਏਕੋਟ, 16 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਕਾਮਰੇਡ ਰਛਪਾਲ ਸਿੰਘ ਹਾਲ ਰਾਏਕੋਟ ਵਿਖੇ ਭਾਰਤੀ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀ.ਆਈ.ਟੀ.ਯੂ.) ਦੀ ਤਹਿਸੀਲ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੀ.ਆਈ.ਟੀ.ਯੂ. ਦੇ ਸੂਬਾ ਪ੍ਰਧਾਨ ਸਾਥੀ ਦਲਜੀਤ ਕੁਮਾਰ ਗੋਰਾ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ: ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਦੇਸ਼ ਦੇ 4 ਕਰੋੜ ਉਸਾਰੀ ਮਜ਼ਦੂਰਾਂ ਦੇ ਲਗਭਗ 20 ਕਰੋੜ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਅਜ਼ਾਦ ਭਾਰਤ ਦੇ ਵੱਡੇ ਡੈਮ, ਮਹਿਲ ਇਮਾਰਤਾਂ, ਨਦੀਆਂ, ਨਹਿਰਾਂ, ਵੱਡੀਆਂ ਸਰਕਾਰੀ ਇਮਾਰਤਾਂ ਅਤੇ ਪੰਜ-ਸਿਤਾਰਾ ਹੋਟਲ ਬਣਾਏ ਸਨ, ਜੋ ਭੁੱਖਮਰੀ ਵਰਗੀ ਸਥਿਤੀ ਵਿਚ ਜੀਅ ਰਹੇ ਹਨ | ਇਸ ਦੌਰਾਨ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਕਾਰਨ ਉਸਾਰੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਆਮਦਨ ਅਸਮਾਨ ਛੂਹ ਨੂੰ ਗਈ ਹੈ | ਇਸ ਸਮੇਂ ਰਾਜ ਜਸਵੰਤ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ 30 ਅਕਤੂਬਰ ਨੂੰ ਰਾਏਕੋਟ ਵਿਚ ਹੋਣ ਵਾਲੀ ਸੂਬਾਈ ਕਾਨਫ਼ਰੰਸ ਲਈ ਰਣਨੀਤੀ ਤਿਆਰ ਕੀਤੀ ਗਈ | ਸੂਬਾਈ ਸਮਾਗਮ ਦੀ ਤਿਆਰੀ ਲਈ ਸੂਬਾਈ ਪ੍ਰਧਾਨ ਦਲਜੀਤ ਕੁਮਾਰ ਗੋਰਾ, ਪ੍ਰਕਾਸ਼ ਸਿੰਘ ਬਰ੍ਹਮੀ, ਗੁਰਦੀਪ ਸਿੰਘ ਬੁਰਜ ਹਕੀਮਾਂ, ਪਿ੍ਤਪਾਲ ਸਿੰਘ ਬਿੱਟਾ, ਰਾਜਜਸਵੰਤ ਸਿੰਘ ਤਲਵੰਡੀ, ਹਰਪ੍ਰੀਤ ਸਿੱਧੂ, ਕਰਮਜੀਤ ਸੰਨੀ ਰਾਏਕੋਟ ਅਤੇ ਭੁਪਿੰਦਰ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਹੇਠ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ | ਮਜ਼ਦੂਰ ਆਗੂਆਂ ਨੇ ਉਸਾਰੀ ਕਾਮਿਆਂ ਲਈ 1996 ਦੇ ਕਾਨੂੰਨ ਨੂੰ ਲਾਗੂ ਕਰਨ, ਲਾਭਪਾਤਰੀ ਕਾਰਡ ਜਾਰੀ ਕਰਨ ਅਤੇ ਉਸਾਰੀ ਕਾਮਿਆਂ ਦੀਆਂ ਧੀਆਂ ਦੇ ਵਿਆਹਾਂ ਲਈ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ | ਉਨ੍ਹਾਂ ਨੇ ਉਸਾਰੀ ਕੰਪਨੀਆਂ ਤੋਂ ਕਰੋੜਾਂ ਰੁਪਏ ਦੇ ਬਕਾਏ ਦੀ ਵਸੂਲੀ ਵਿਚ ਸਰਕਾਰ ਦੀ ਢਿੱਲ-ਮੱਠ ਦੀ ਸਖ਼ਤ ਨਿੰਦਾ ਕੀਤੀ ਜੋ ਕਿ ਮਜ਼ਦੂਰਾਂ ਦੀ ਭਲਾਈ ਲਈ ਖ਼ਰਚ ਕੀਤੇ ਜਾਣੇ ਚਾਹੀਦੇ ਸਨ |