ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ, ਖੰਨਾ ਵਿਚ ਦੀਵਾਲੀ ਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਕੂਲ ਨੂੰ ਦੀਵਿਆਂ, ਰੰਗੋਲੀਆਂ, ਫੁੱਲਾਂ ਤੇ ਰੰਗ-ਬਰੰਗੀਆਂ ਝਾਲਰਾਂ, ਲੜੀਆਂ ਆਦਿ ਨਾਲ ਨਾਲ ਸਜਾਇਆ | ਸਕੂਲ ਦਾ ਹਰ ਕੋਨਾ ਰੰਗ-ਬਰੰਗੀਆਂ ਬੱਤੀਆਂ, ਸੁੰਦਰ ਰੰਗੋਲੀਆਂ ਤੇ ਜਗਮਗਾਉਂਦੇ ਦੀਵਿਆਂ ਨਾਲ ਰੌਸ਼ਨ ਸੀ | ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਤੇ ਉਤਸ਼ਾਹ ਝਲਕ ਰਿਹਾ ਸੀ | ਪੂਰੇ ਮਾਹੌਲ ਵਿਚ ਭਗਤੀ ਅਤੇ ਖ਼ੁਸ਼ੀ ਦਾ ਸੁੰਦਰ ਮਿਲਾਪ ਦੇਖਣ ਨੂੰ ਮਿਲਿਆ | ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜਲਨ ਅਤੇ ਅਰਦਾਸ ਨਾਲ ਕੀਤੀ ਗਈ | ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਅਤੇ ਪਿ੍ੰਸੀਪਲ ਅੰਜੂ ਭਾਟੀਆ ਨੇ ਵਿਦਿਆਰਥੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਅਤੇ ਨੈਤਿਕ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ | ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਦੀਵਾਲੀ ਸਾਨੂੰ ਇਹ ਪੇ੍ਰਰਨਾ ਦਿੰਦੀ ਹੈ ਕਿ ਅਸੀਂ ਅੰਧਕਾਰ 'ਤੇ ਪ੍ਰਕਾਸ਼ ਅਤੇ ਅਸੱਤ 'ਤੇ ਸੱਚ ਦੀ ਜਿੱਤ ਦਾ ਸੰਦੇਸ਼ ਆਪਣੇ ਜੀਵਨ ਵਿਚ ਲਾਗੂ ਕਰੀਏ | ਪਿ੍ੰਸੀਪਲ ਅੰਜੂ ਭਾਟੀਆ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਦੀਵਾਲੀ ਸਿਰਫ਼ ਰੌਸ਼ਨੀ ਦਾ ਤਿਉਹਾਰ ਨਹੀਂ, ਇਹ ਚੰਗਿਆਈ, ਸਹਿਯੋਗ ਅਤੇ ਸਕਾਰਾਤਮਿਕ ਸੋਚ ਨੂੰ ਅਪਣਾਉਣ ਦਾ ਪ੍ਰਤੀਕ ਹੈ | ਇਸ ਮੌਕੇ ਵਿਦਿਆਰਥੀਆਂ ਨੇ ਭਗਤੀ ਸੰਗੀਤ, ਨਾਚ, ਕਵਿਤਾਵਾਂ, ਭਾਸ਼ਨ ਤੇ ਨਾਟਕ ਪ੍ਰਸਤੁਤ ਕੀਤੇ, ਜਿਨ੍ਹਾਂ ਵਿਚ ਤਿਉਹਾਰਾਂ ਦੇ ਧਾਰਮਿਕ ਤੇ ਸੱਭਿਆਚਾਰਕ ਸੰਦੇਸ਼ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ | ਇਸ ਦੇ ਨਾਲ, ਸਕੂਲ ਦੀਆਂ ਸਭ ਕਲਾਸਾਂ 'ਚ ਦੀਵਾਲੀ ਨਾਲ ਸੰਬੰਧਿਤ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਜਿਵੇਂ ਸਜਾਵਟ, ਰੰਗੋਲੀ ਮੁਕਾਬਲਾ, ਕਾਰਡ ਮੇਕਿੰਗ ਤੇ ਪੋਸਟਰ ਤਿਆਰ ਕਰਨਾ ਆਦਿ ਵੀ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ |