ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)- ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ 'ਚ ਸੀ. ਐਚ. ਸੀ. ਮਾਨੂੰਪੁਰ ਵਿਖੇ ਗਲੋਬਲ ਆਇਓਡੀਨ ਡੈਫੀਸੈਂਸੀ ਡਿਸਆਰਡਰ ਪ੍ਰੀਵੈਨਸ਼ਨ ਦਿਵਸ ਮਨਾਇਆ ਗਿਆ | ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਕਿਹਾ ਕਿ ਇਸ ਦਿਵਸ ਦਾ ਮੁੱਖ ਉਦੇਸ਼ ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਕਾਰਨ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਲੋਕਾ 'ਚ ਜਾਗਰੂਕਤਾ ਫੈਲਾਉਣਾ ਹੈ | ਉਨ੍ਹਾਂ ਦੱਸਿਆ ਕਿ ਆਇਓਡੀਨ ਇਕ ਮਹੱਤਵਪੂਰਨ ਸੂਖਮ ਪੌਸ਼ਟਿਕ ਤੱਤ ਹੈ | ਜੋ ਕਿ ਆਮ ਮਨੁੱਖ ਦੇ ਸਰੀਰਕ ਵਾਧੇ ਅਤੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ | ਬੱਚਿਆਂ ਅਤੇ ਵੱਡਿਆਂ 'ਚ ਆਇਓਡੀਨ ਦੀ ਘਾਟ ਗਿੱਲ੍ਹੜ ਰੋਗ, ਘੱਟ ਬੁੱਧੀ, ਸਰੀਰਕ ਸਮੱਸਿਆਵਾਂ ਅਤੇ ਮਾਨਸਿਕ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ | ਇਸ ਤੋਂ ਇਲਾਵਾ ਗਰਭਵਤੀ ਔਰਤਾਂ ਵਿੱਚ ਆਇਓਡੀਨ ਦੀ ਘਾਟ ਕਾਰਨ ਗਰਭ 'ਚ ਪਲ ਰਹੇ ਬੱਚੇ ਨੂੰ ਆਇਓਡੀਨ ਦੀ ਸਹੀ ਮਾਤਰਾ ਨਾ ਮਿਲਣ ਕਾਰਨ ਗਰਭਪਾਤ ਹੋ ਸਕਦਾ ਹੈ ਅਤੇ ਗਰਭ ਵਿੱਚ ਪਲ ਰਹੇ ਬੱਚੇ ਦਾ ਸਰੀਰਕ , ਮਾਨਸਿਕ ਵਿਕਾਸ ਵੀ ਰੁਕ ਜਾਂਦਾ ਹੈ | ਜਿਸ ਕਾਰਨ ਬੱਚੇ ਵਿੱਚ ਜਮਾਂਦਰੂ ਨੁਕਸ ਪੈਦਾ ਹੋ ਸਕਦਾ ਹੈ | ਆਇਓਡੀਨ ਦੀ ਘਾਟ ਨਾਲ ਬੋਲਾਪਣ, ਭੰਗਾਪਣ, ਬੋਣਾਪਣ, ਸਰੀਰ ਦੇ ਵਿਕਾਸ ਵਿੱਚ ਰੁਕਾਵਟ ਆਦਿ ਬਿਮਾਰੀਆਂ ਵੀ ਹੋ ਸਕਦੀਆਂ ਹਨ | ਇਸ ਸਮੇਂ ਡਾ. ਚਿਰਾਗ਼ ਸੋਮਰਾ ਅਤੇ ਗੁਰਦੀਪ ਸਿੰਘ ਬੀ. ਈ. ਈ ਨੇ ਕਿਹਾ ਕਿ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਹੀ ਕੀਤੀ ਜਾਵੇ | ਨਮਕ ਦੇ ਪੈਕਟ 'ਤੇ ਚੜ੍ਹਦੇ ਸੂਰਜ ਦਾ ਨਿਸ਼ਾਨ ਆਇਓਡੀਨ ਯੁਕਤ ਨਮਕ ਦੀ ਪਹਿਚਾਣ ਹੁੰਦੀ ਹੈ | ਇਸ ਸਮੇਂ ਸਿਹਤ ਇੰਸਪੈਕਟਰ ਗੁਰਮਿੰਦਰ ਸਿੰਘ, ਅਰੁਣਦੀਪ ਕੌਰ ਸੀ. ਐਚ. ਓ., ਕਮਲਜੀਤ ਕੌਰ ਅਤੇ ਜਗਦੀਪ ਕੌਰ ਆਦਿ ਹਾਜ਼ਰ ਸਨ |