ਜਗਰਾਉਂ, 23 ਅਕਤੂਬਰ (ਗੁਰਦੀਪ ਸਿੰਘ ਮਲਕ)-ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਤੋਂ ਜੇਕਰ ਪੰਦਰਾਂ ਗੱਟੂ ਡੀ.ਏ.ਪੀ. ਖਾਦ ਦੀ ਲੋੜ ਹੈ ਤਾਂ ਕਿਸਾਨਾਂ ਨੂੰ ਇਕ ਗੱਟੂ ਦੇ ਕੇ ਵਰਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਬਾਜ਼ਾਰ 'ਚ ਖਾਦ ਵਪਾਰੀ ਕਿਸਾਨਾਂ 'ਤੇ ਧੱਕੇ ਨਾਲ ਵਾਧੂ ਬੇਲੋੜਾ ਸਮਾਨ ਖ਼ਰੀਦਣ ਲਈ ਮਜ਼ਬੂਰ ਕਰਕੇ ਅੰਨੀ ਲੁੱਟ ਮਚਾ ਰਹੇ ਹਨ | ਇਸ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਸਥਾਨਕ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨੂੰ ਮਿਲਿਆ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਉਨ੍ਹਾਂ ਲਿਖਤੀ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਖਾਦ ਦੀ ਕਾਲਾਬਾਜ਼ਾਰੀ ਰੋਕੀ ਜਾਵੇ | ਸਾਰੇ ਖਾਦ ਡੀਲਰਾਂ ਨੂੰ ਇਸ ਲੁੱਟ ਤੋਂ ਬਾਜ਼ ਆਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾਣ | ਸਾਰੇ ਖਾਦ ਡੀਲਰਾਂ ਦੇ ਸਟਾਕ ਦੀ ਜਾਣਕਾਰੀ ਦੁਕਾਨ ਦੇ ਬਾਹਰ ਲਗਾਈ ਜਾਵੇ | ਸਹਿਕਾਰੀ ਸਭਾਵਾਂ ਵਿਚ ਖਾਦ ਲੋੜੀਂਦੀ ਮਾਤਰਾ ਵਿਚ ਭੇਜੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਸਮੇਂ ਸਹਿਕਾਰੀ ਸਭਾਵਾਂ ਨੂੰ ਪੱਚੀ ਪ੍ਰਤੀਸ਼ਤ ਅਤੇ ਬਾਜ਼ਾਰ 'ਚ ਪਝੱਤਰ ਪ੍ਰਤੀਸ਼ਤ ਖਾਦ ਆ ਰਹੀ ਹੈ, ਜੋ ਕਿ ਸਰਾਸਰ ਧੱਕਾ ਤੇ ਧੱਕਾ ਹੈ | ਉਨ੍ਹਾਂ ਕਿਹਾ ਕਿ ਉਧਰ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਝੋਨੇ ਦੀ ਸਿੱਲ ਦੀ ਆੜ੍ਹ 'ਚ ਸ਼ੈੱਲਰ ਮਾਲਕਾਂ ਅਤੇ ਏਜੰਸੀਆਂ ਵਲੋਂ ਮਿਲ ਕੇ ਲੁੱਟ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਇਨ੍ਹਾਂ ਦੋਹਾਂ ਮਸਲਿਆਂ ਬਾਰੇ ਚੁੱਪ ਵੱਟੀ ਬੈਠੀ ਹੈ | ਇਸ ਸਮੇਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਜਥੇਬੰਦੀ ਖੇਤੀਬਾੜੀ ਵਿਭਾਗ ਅਤੇ ਕਿਸਾਨ ਵਿਰੋਧੀ ਡੀਲਰਾਂ ਦਾ ਘਿਰਾਓ ਕਰੇਗੀ | ਉਨ੍ਹਾਂ ਕਿਹਾ ਕਿ ਇਸ ਸਮੇਂ ਅੰਨਦਾਤੇ ਦੀ ਖੱਜਲ ਖੁਆਰੀ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਸਮੇਂ ਬਲਬੀਰ ਸਿੰਘ ਅਗਵਾੜ ਲੋਪੋ ਹਾਜ਼ਰ ਸਨ |