ਦੋਰਾਹਾ, 6 ਨਵੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ ਨੇ ਅੱਜ ਆਪਣੇ ਸਾਥੀਆਂ ਨਾਲ ਦੋਰਾਹਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਦੋਰਾਹਾ ਵਿੱਚ ਗੰਦਗੀ ਕਾਰਨ ਡੇਂਗੂ ਸਮੇਤ ਹੋਰ ਬਿਮਾਰੀਆਂ ਲਗਾਤਾਰ ਫੈਲ ਰਹੀਆਂ ਹਨ ਅਤੇ ਨਗਰ ਕੌਂਸਲ ਵੱਲੋਂ ਇਸ ਸਬੰਧੀ ਕੋਈ ਉਪਾਅ ਨਹੀਂ ਕੀਤੇ ਗਏ | ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਕੁੱਝ ਸਮੇਂ ਤੋਂ ਡੇਂਗੂ ਦੇ ਵੱਖ-ਵੱਖ ਕੇਸ ਅਤੇ ਨੁਕਸਾਨ ਦੇ ਮਾਮਲੇ ਸਾਹਮਣੇ ਆਏ ਹਨ ਤਾਂ ਨਗਰ ਕੌਂਸਲ ਨੂੰ ਇਸ ਸੰਬੰਧੀ ਉਪਰਾਲਾ ਕਰਨਾ ਚਾਹੀਦਾ ਸੀ ਪ੍ਰੰਤੂ ਅਫ਼ਸੋਸ ਕਿ ਅਜਿਹਾ ਹੋ ਨਾ ਸਕਿਆ | ਉਨ੍ਹਾਂ ਕਿਹਾ ਕਿ ਡੇਂਗੂ ਭਿਆਨਕ ਰੂਪ ਨਾ ਧਾਰਨ ਕਰ ਜਾਵੇ ਇਸ ਲਈ ਸਿਹਤ ਵਿਭਾਗ ਤੇ ਨਗਰ ਕੌਂਸਲ ਤੁਰੰਤ ਹਰਕਤ ਵਿੱਚ ਆਵੇ | ਇਸ ਮੌਕੇ ਸ਼ਹਿਰੀ ਕਾਂਗਰਸ ਦੋਰਾਹਾ ਦੇ ਪ੍ਰਧਾਨ ਵਨੀਤ ਆਸ਼ਟ ਸੁਹਾਗ ਜਿਊਲਰਜ਼ ਦੋਰਾਹਾ, ਕੌਂਸਲਰ ਨਵਦੀਪ ਸਿੰਘ ਨੈਬਾ, ਰਾਜਿੰਦਰ ਸਿੰਘ ਗਹੀਰ, ਮਨਦੀਪ ਸਿੰਘ ਮਾਂਗਟ, ਲੱਕੀ ਦੋਰਾਹਾ, ਪਰਮਿੰਦਰ ਸਿੰਘ ਸਿੰਘ ਤੇ ਸਕਿੰਦਰਪਾਲ ਪੇਂਟਰ ਆਦਿ ਹਾਜ਼ਰ ਸਨ |