ਹੰਡਿਆਇਆ, 17 ਜੂਨ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਲੋਂ ਪਿਛਲੇ ਸਮੇਂ ਤੋਂ ਹੋਈਆਂ ਨਜਾਇਜ਼ ਉਸਾਰੀਆਂ ਨੂੰ ਲਗਾਤਾਰ ਢਾਹਿਆ ਜਾ ਰਿਹਾ ਹੈ ਪ੍ਰੰਤੂ ਦੂਜੇ ਪਾਸੇ ਵਾਰਡ ਨੰ: 2 ਵਿਚ ਬਣੇ ਛੱਪੜ ਨੂੰ ਨਜਾਇਜ਼ ਉਸਾਰੀ ਕਰਕੇ ਰੋਕਿਆ ਜਾ ਰਿਹਾ ਹੈ | ਪਿਛਲੇ ਮਹੀਨੇ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਵਾਰਡ ਨੰ: 2 ਵਿਚ ਕੀਤੀ ਨਜਾਇਜ਼ ਉਸਾਰੀ ਨੂੰ ਵਾਰਡ ਦੇ ਐਮ.ਸੀ. ਰੂਪੀ ਕੌਰ ਦੇ ਕਹਿਣ 'ਤੇ ਰੋਕਿਆ ਗਿਆ ਸੀ ਪਰ ਹੁਣ ਬੀਤੇ ਦੋ ਛੁੱਟੀਆਂ ਦਾ ਲਾਹਾ ਲੈਂਦੇ ਹੋਏ ਉਸੇ ਛੱਪੜ ਦੀ ਜਗ੍ਹਾ ਨੂੰ ਹੀ ਹੋਰ ਘਰਾਂ ਵਲੋਂ ਨਜਾਇਜ਼ ਉਸਾਰੀ ਕੀਤੀ ਜਾ ਰਹੀ ਹੈ | ਇੱਕ ਪਾਸੇ ਸਰਕਾਰ ਨਜਾਇਜ਼ ਉਸਾਰੀਆਂ ਰੋਕਣ ਲਈ ਵੱਡੀ ਪੱਧਰ 'ਤੇ ਪ੍ਰਚਾਰ ਕਰ ਰਹੀ ਹੈ | ਦੂਜੇ ਪਾਸੇ ਨਿਰੰਤਰ ਇਸੇ ਛੱਪੜ 'ਤੇ ਨਜਾਇਜ਼ ਉਸਾਰੀਆਂ ਹੋ ਰਹੀ ਹਨ ਅਤੇ ਇਸ ਛੱਪੜ ਵਾਲੇ ਪਾਸੇ ਨਜਾਇਜ਼ ਉਸਾਰੀ ਕਰਕੇ ਗੇਟ ਵੀ ਬਣਾ ਲਏ ਹਨ ਜਿਸ ਨੂੰ ਅਜੇ ਤੱਕ ਨਗਰ ਪੰਚਾਇਤ ਜਾਂ ਹੋਰ ਕਿਸੇ ਵੀ ਅਧਿਕਾਰੀ ਵਲੋਂ ਰੋਕਿਆ ਨਹੀਂ ਗਿਆ ਹੈ | ਜਦੋਂ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਬਾਂਸਲ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ |