ਤਪਾ ਮੰਡੀ, 17 ਜੂਨ (ਪ੍ਰਵੀਨ ਗਰਗ)-ਐੱਸ.ਐੱਨ. ਆਰੀਆ ਹਾਈ ਸਕੂਲ ਤਪਾ ਦੀ ਜ਼ਮੀਨ ਜੋ ਸਕੂਲ ਬਣਾਉਣ ਅਤੇ ਵਿਦਿਆਰਥੀਆਂ ਦੇ ਖੇਡ ਮੈਦਾਨ ਲਈ ਤਪਾ ਦੇ ਮਰੱਬਾਬੰਦੀ ਅਫਸਰ ਨੇ ਅਲਾਟ ਕੀਤੀ ਹੋਈ ਸੀ, ਇਰਦ-ਗਿਰਦ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਇਸੇ ਜ਼ਮੀਨ ਉਪਰ ਪਿਛਲੇ 20 ਸਾਲਾਂ ਤੋਂ ਚਾਰਦੀਵਾਰੀ ਕਰਕੇ ਕਬਜ਼ਾ ਕੀਤਾ ਹੋਇਆ ਸੀ, ਪਰ ਇਸ ਦੇ ਇਰਦ-ਗਿਰਦ ਬਾਸ਼ਿੰਦਿਆਂ ਨੇ ਬਣੀਆਂ ਕੰਧਾਂ ਵਿਚ ਦਰਵਾਜ਼ੇ ਕੱਢ ਕੇ ਇੱਥੇ ਰੂੜੀਆਂ, ਲੱਕੜਾਂ, ਤੂੜੀ ਅਤੇ ਪਸ਼ੂ ਆਦਿ ਬੰਨ੍ਹਣੇ ਸ਼ੁਰੂ ਕਰ ਦਿੱਤੇ ਸਨ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਨਜਾਇਜ਼ ਕਬਜਾਧਾਰੀਆਂ ਨੂੰ ਕਈ ਵਾਰ ਜਗ੍ਹਾ ਖ਼ਾਲੀ ਕਰਨ ਲਈ ਕਿਹਾ ਸੀ, ਪਰ ਉਨ੍ਹਾਂ ਨੇ ਆਪਣੇ ਨਜਾਇਜ਼ ਕਬਜ਼ੇ ਨਹੀਂ ਹਟਾਏ | ਸਕੂਲ ਦੀ ਪ੍ਰਬੰਧਕ ਕਮੇਟੀ ਨੇ ਆਈ.ਜੀ. ਪਟਿਆਲਾ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਐੱਸ.ਐੱਸ.ਪੀ. ਬਰਨਾਲਾ ਨੂੰ ਸਕੂਲ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਕਿਹਾ, ਜਿਸ 'ਤੇ ਅਮਲ ਕਰਦਿਆਂ ਅੱਜ ਐੱਸ.ਪੀ. (ਐੱਚ) ਰਾਜੇਸ਼ ਛਿੱਬਰ ਨੇ ਮੌਕੇ 'ਤੇ ਪੁੱਜ ਕੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਅਤੇ ਨਜਾਇਜ਼ ਕਬਜਾਧਾਰੀਆਂ ਨੂੰ ਬੁਲਾਕੇ ਜਗ੍ਹਾ ਖ਼ਾਲੀ ਕਰਨ ਲਈ ਕਿਹਾ | ਉਨ੍ਹਾਂ ਵਿਚੋਂ ਕਈ ਪਰਿਵਾਰਾਂ ਨੇ ਰਜ਼ਾਮੰਦੀ ਜ਼ਾਹਿਰ ਕਰਕੇ ਜਗ੍ਹਾ ਖ਼ਾਲੀ ਕਰਨ ਲਈ ਕਹਿ ਦਿੱਤਾ | ਐੱਸ.ਪੀ. (ਐੱਚ) ਨੇ ਐੱਚ.ਐੱਚ.ਓ. ਤਪਾ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਕਬਜਾਧਾਰੀਆਂ ਨੂੰ ਬੁਲਾ ਕੇ ਕਬਜ਼ੇ ਦੂਰ ਕਰਵਾਏ ਜਾਣ ਜਿਹੜੇ ਕਬਜਾਧਾਰੀ ਜਗ੍ਹਾ ਖ਼ਾਲੀ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਕਬਜ਼ਾ ਵਰੰਟਾਂ ਰਾਹੀਂ ਜਗ੍ਹਾ ਖ਼ਾਲੀ ਕਰਵਾ ਲਈ ਜਾਵੇਗੀ | ਜਿਹੜੇ ਕਬਜਾਧਾਰੀ ਜਗ੍ਹਾ ਖ਼ਾਲੀ ਨਹੀਂ ਕਰਨਗੇ | ਉਨ੍ਹਾਂ ਖ਼ਿਲਾਫ਼ ਮੁਕੱਦਮੇ ਦਰਜ ਕਰ ਲਏ ਜਾਣ | ਇਸ ਮੌਕੇ ਡਾ: ਰਾਜ ਕੁਮਾਰ ਸ਼ਰਮਾ ਪ੍ਰਧਾਨ, ਸੱਤ ਮੌੜ ਸੀ.ਮੀਤ ਪ੍ਰਧਾਨ, ਸੀ.ਮਾਰਕੰਡਾ ਸਕੱਤਰ, ਪਵਨ ਕੁਮਾਰ ਪੱਖੋ, ਕਿ੍ਸ਼ਨ ਚੰਦ ਸਿੰਗਲਾ, ਰਘੁਵੀਰ ਚੰਦ ਅਗਰਵਾਲ ਆਦਿ ਪ੍ਰਬੰਧਕ ਕਮੇਟੀ ਤੋਂ ਇਲਾਵਾ ਥਾਣਾ ਮੁਖੀ ਸ਼ਰੀਫ਼ ਖਾਂ, ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਆਦਿ ਪੁਲਿਸ ਮੁਲਾਜ਼ਮ ਹਾਜਰ ਸਨ |