ਟੱਲੇਵਾਲ, 18 ਜੂਨ (ਸੋਨੀ ਚੀਮਾ)- ਪਿੰਡ ਚੀਮਾ ਵਿਖੇ ਛੱਪੜ ਦੇ ਓਵਰਫ਼ਲੋ ਹੋ ਕੇ ਖੇਤਾਂ 'ਚ ਆ ਰਹੇ ਪਾਣੀ ਤੋਂ ਪ੍ਰੇਸ਼ਾਨ ਕਿਸਾਨਾਂ ਦੇ ਹੱਕ 'ਚ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਵਲੋਂ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਭਾਕਿਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ, ਹਰਬੰਸ ਸਿੰਘ ਹਰੀ ਇਕਾਈ ਪ੍ਰਧਾਨ, ਰਾਜਿੰਦਰ ਸਿੰਘ ਭੰਗੂ, ਗੋਗੀ ਚੀਮਾ, ਜਸਵਿੰਦਰ ਸਿੰਘ ਸੋਨੀ ਨੇ ਕਿਹਾ ਕਿ ਅੱਧੇ ਪਿੰਡ ਦੀਆਂ ਨਾਲੀਆਂ ਦਾ ਨਿਕਾਸੀ ਪਾਣੀ ਅਤੇ ਮੀਂਹ ਦਾ ਪਾਣੀ ਗੁਰਦੁਆਰਾ ਰਾਮਬਾਗ ਸਾਹਿਬ ਨੇੜੇ ਮੜੀਆਂ ਵਾਲਾ ਪੰਚਾਇਤੀ ਛੱਪੜ ਖ਼ਸਰਾ ਨੰਬਰ 232 ਰਕਬਾ 11 ਕਨਾਲ 8 ਮਰਲੇ 'ਚ ਪੈਂਦਾ ਹੈ | ਪਰ ਇਹ ਛੱਪੜ ਖੇਤਾਂ ਤੋਂ ਉੱਚਾ ਹੋਣ ਕਰ ਕੇ ਅਤੇ ਡੰੂਘਾ ਘੱਟ ਹੋਣ ਕਰ ਕੇ ਛੱਪੜ ਦਾ ਪਾਣੀ ਅਕਸਰ ਓਵਰਫ਼ਲੋ ਹੋ ਕੇ ਕਿਸਾਨ ਹਰਦੇਵ ਸਿੰਘ ਅਤੇ ਹੋਰ ਨਾਲ ਦੇ ਕਿਸਾਨਾਂ ਦੇ ਖੇਤਾਂ ਵਿਚ ਦਾਖ਼ਲ ਹੋ ਜਾਂਦਾ ਹੈ | ਇਹ ਸਮੱਸਿਆ ਕਾਫ਼ੀ ਲੰਬੇ ਸਮੇਂ ਦੀ ਜਿਉਂ ਦੀ ਤਿਉਂ ਬਣੀ ਹੋਈ ਹੈ | ਜਿਸ ਸਬੰਧੀ ਬੀ.ਡੀ.ਪੀ.ਓ ਸ਼ਹਿਣਾ ਨੂੰ ਲਿਖਤੀ ਤੌਰ 'ਤੇ ਸ਼ਿਕਾਇਤਾਂ ਵੀ ਦਿੱਤੀਆਂ ਜਾ ਚੱੁਕੀਆਂ ਹਨ | ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਵੀ ਕਰ ਚੁੱਕੇ ਹਨ ਕਿ ਉਕਤ ਛੱਪੜ ਵਿਚ 7-8 ਸਾਲ ਪਹਿਲਾਂ ਜੋ ਪਾਈਪ ਲਾਇਨ ਡਰੇਨ ਤੱਕ ਪਾਈ ਗਈ ਸੀ, ਉਹ ਬੰਦ ਹੋ ਗਈ ਹੈ | ਜਿਸ ਕਾਰਨ ਛੱਪੜ ਓਵਰਫ਼ਲੋ ਹੋ ਕੇ ਕਿਸਾਨਾਂ ਵਲੋਂ ਲਗਾਏ ਝੋਨੇ ਦੇ ਖੇਤਾਂ ਵਿਚ ਵੜ ਰਿਹਾ ਹੈ | ਉਕਤ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਮੌਕਾ ਦੇਖ ਚੱੁਕੇ ਹਨ | ਜਿਨ੍ਹਾਂ ਵਲੋਂ ਉਸ ਸਮੇਂ ਦੀ ਪੰਚਾਇਤ ਨੂੰ ਛੱਪੜ ਦੀ ਪੁਟਾਈ ਕਰ ਕੇ ਨੀਵਾਂ ਕਰਨ ਦੇ ਲਈ ਪੰਚਾਇਤ ਨੂੰ ਹੁਕਮ ਵੀ ਦਿੱਤੇ ਸਨ | ਪਰ ਇਸ ਦਾ ਕੋਈ ਪੁਖ਼ਤਾ ਹੱਲ ਨਹੀਂ ਹੋ ਸਕਿਆ | ਉਨ੍ਹਾਂ ਮੰਗ ਕੀਤੀ ਕਿ ਇਸ ਛੱਪੜ ਦੀ ਬੰਦ ਹੋਈ ਪਾਈਪ ਲਾਇਨ ਨੂੰ ਪਹਿਲ ਦੇ ਆਧਾਰ 'ਤੇ ਖੋਲ੍ਹ ਕੇ ਜਿੱਥੇ ਗੰਦੇ ਪਾਣੀ ਦੀ ਨਿਕਾਸੀ ਡਰੇਨ ਵਿਚ ਕੀਤੀ ਜਾਵੇ, ਉੱਥੇ ਪੋਕਲੇਨ ਨਾਲ ਪੁਟਾਈ ਕਰ ਕੇ ਡੂੰਘਾ ਕੀਤਾ ਜਾਵੇ | ਇਸ ਮੌਕੇ ਹੰਸਾ ਸਿੰਘ ਜਾਗਲ, ਚਮਕ ਸਿੰਘ ਜਾਗਲ, ਤੀਰਥ ਰਾਮ ਤੋਂ ਇਲਾਵਾ ਭਾਕਿਯੂ ਡਕੌਂਦਾ ਦੇ ਹੋਰ ਵੀ ਆਗੂ ਹਾਜ਼ਰ ਸਨ | ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਮਲੂਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਪੰਚਾਇਤ ਦੇ ਧਿਆਨ 'ਚ ਹੈ ਅਤੇ ਜਲਦ ਹੀ ਉਕਤ ਮਸਲੇ ਦਾ ਹੱਲ ਕਰ ਕੇ ਕਿਸਾਨਾਂ ਨੂੰ ਰਾਹਤ ਦਿਵਾਈ ਜਾਵੇਗੀ |