ਬਰਨਾਲਾ, 18 ਜੂਨ (ਰਾਜ ਪਨੇਸਰ)-ਸਥਾਨਕ ਸੇਖਾ ਰੋਡ ਗਲੀ ਨੰ: 4 ਤੇ 5 ਵਿਚਕਾਰ ਪੈਂਦੀ ਸਬ-ਗਲੀ ਵਾਸੀਆਂ ਨੇ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਨ ਕਰ ਕੇ ਮੁਹੱਲਾ ਨਿਵਾਸੀਆਂ ਨੇ ਸੀਵਰੇਜ ਬੋਰਡ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦਿਆਂ ਮੁੰਨੀ ਦੇਵੀ, ਅਮਰਜੀਤ ਕੁਮਾਰ, ਸੁਖਪਾਲ ਕੌਰ, ਹਸੀਨਾ ਬੇਗ਼ਮ, ਮਨਪ੍ਰੀਤ ਸਿੰਘ, ਮੰਜੂ ਦੇਵੀ, ਭਰਤ ਬਾਂਸਲ, ਰੀਟਾ ਰਾਣੀ, ਨੀਲਮ ਕੁਮਾਰੀ ਆਦਿ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਗਲੀ ਨੰ: 4 ਤੇ 5 ਦੇ ਵਿਚਕਾਰ ਪੈਂਦੀ ਸਬ-ਗਲੀ 'ਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ | ਜਿਸ ਕਾਰਨ ਸਾਰੇ ਮੁਹੱਲੇ 'ਚ ਬਦਬੂ ਫੈਲ ਚੱੁਕੀ ਹੈ | ਛੋਟੇ ਬੱਚਿਆਂ, ਬਜ਼ੁਰਗਾਂ, ਔਰਤਾਂ ਤੇ ਰਾਹਗੀਰਾਂ ਦਾ ਇੱਥੋਂ ਦੀ ਲੰਘਣਾ ਔਖਾ ਹੋਇਆ ਪਿਆ ਹੈ | ਅਸੀਂ ਕਈ ਵਾਰ ਸੀਵਰੇਜ ਦੇ ਅਧਿਕਾਰੀਆਂ ਨੂੰ ਮਿਲ ਕੇ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਚੱੁਕਿਆ ਹੈ ਤੇ ਅਨੇਕਾਂ ਬਾਰ ਹੀ ਵਾਰਡ ਦੇ ਮੌਜੂਦਾ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਨੂੰ ਵੀ ਮਿਲ ਕੇ ਦੱਸ ਚੱੁਕੇ ਹਾਂ ਪਰ ਕੌਂਸਲਰ ਸਾਹਿਬ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਹੇ | ਜਿਸ ਕਾਰਨ ਮੁਹੱਲਾ ਨਿਵਾਸੀਆਂ 'ਚ ਕੌਂਸਲਰ ਖ਼ਿਲਾਫ਼ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਹੈ | ਅਸੀਂ ਸੀਵਰੇਜ ਬੋਰਡ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਤਾਂ ਸਾਰਾ ਮੁਹੱਲਾ ਇਕੱਠਾ ਹੋ ਕੇ ਸੀਵਰੇਜ ਬੋਰਡ 'ਚ ਧਰਨਾ ਦਿੱਤਾ ਜਾਵੇਗਾ | ਉੱਧਰ ਵਾਰਡ ਦੇ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ | ਫਿਰ ਵੀ ਮੈਂ ਮੁਹੱਲਾ ਨਿਵਾਸੀਆਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਜਲਦੀ ਹੀ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ |