ਬਰਨਾਲਾ, 18 ਜੂਨ (ਅਸ਼ੋਕ ਭਾਰਤੀ)-ਲੁਧਿਆਣਾ ਦੀ ਜ਼ਿਮਨੀ ਚੋਣ 'ਚ ਰੋਸ ਪ੍ਰਦਰਸ਼ਨ ਕਰਨ ਪੁੱਜੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਫ਼ਤਰ ਤੋਂ 18 ਜੂਨ ਦੀ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ ਮਿਲੀ ਸੀ | ਜਿਹੜੀ ਕਿ ਪਿਛਲੇ ਕਰੀਬ ਸਵਾ ਤਿੰਨ ਸਾਲਾਂ ਵਾਂਗ ਰੱਦ ਕਰ ਦਿੱਤੀ ਗਈ | ਜਿਸ ਨੂੰ ਲੈ ਕੇ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਅਰਥੀ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਸਿੱਖਿਆ ਵਿਭਾਗ ਵਿਚ ਭਰਤੀ ਕੈਲੰਡਰ ਲਾਗੂ ਕਰਨ, ਸਿਹਤ ਵਿਭਾਗ ਵਿਚ ਇਨਕਲਾਬੀ ਬਦਲਾਅ ਲਿਆਉਣ, ਲੈਕਚਰਾਰ ਅਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਭਰਨ, ਉਮਰ ਹੱਦ ਛੋਟ ਦੇਣ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ ਸ਼ਰਤ 55 ਫ਼ੀਸਦੀ ਅੰਕ ਲਾਜ਼ਮੀ ਨੂੰ ਰੱਦ ਕਰਨ ਤੋਂ ਮੁਨਕਰ ਹੋ ਚੁੱਕੀ ਹੈ | ਪੰਜਾਬ ਸਰਕਾਰ ਨੇ ਸਵਾ ਤਿੰਨ ਸਾਲਾਂ ਵਿਚ ਸਿੱਖਿਆ ਵਿਭਾਗ ਅੰਦਰ ਐਨ.ਟੀ.ਟੀ, ਈ.ਟੀ.ਟੀ, ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫ਼ੈਸਰ ਅਤੇ ਪ੍ਰੋਫੈਸਰ ਪੱਧਰ ਦੀ ਇਕ ਵੀ ਪੋਸਟ ਨਹੀਂ ਕੱਢੀ | ਉਨ੍ਹਾਂ ਕਿਹਾ ਕਿ ਮੰਗਾਂ ਤਾਂ ਕੀ ਹੱਲ ਕਰਨੀਆਂ ਸੀ, ਸਗੋਂ ਹਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕਰ ਦਿੱਤੀਆਂ ਜਾਂਦੀਆਂ ਹਨ | ਇਸ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮੋਰਚੇ ਦੇ ਸੀਨੀਅਰ ਆਗੂ ਅਮਨ ਸੇਖਾ, ਜਗਸੀਰ ਸਿੰਘ ਜੱਗੀ ਜਲੂਰ ਨੇ ਕਿਹਾ ਕਿ ਜੇਕਰ ਜਲਦੀ ਮੀਟਿੰਗ ਨਾ ਕੀਤੀ ਤਾਂ ਆਉਂਦੇ ਦਿਨਾਂ ਵਿਚ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਅਮਨਦੀਪ ਕੌਰ ਦਾਨਗੜ੍ਹ, ਰਣਜੀਤ ਕੌਰ, ਗਗਨਦੀਪ ਕੌਰ ਭਦੌੜ, ਗੁਰਪ੍ਰੀਤ ਕੌਰ ਬਰਨਾਲਾ, ਸਿਮਰਨਜੀਤ ਕੌਰ ਬਰਨਾਲਾ, ਮਨਪ੍ਰੀਤ ਕੌਰ, ਬਲਵਿੰਦਰ ਕੌਰ ਬਰਨਾਲਾ, ਅਮਨਦੀਪ ਕੌਰ, ਸੁਮਨਦੀਪ ਕੌਰ ਬਰਨਾਲਾ, ਸਰਬਜੀਤ ਕੌਰ ਬਰਨਾਲਾ, ਕਮਲਜੀਤ ਕੌਰ ਬਰਨਾਲਾ, ਸਵਰਨਜੀਤ ਕੌਰ ਭਦੌੜ, ਮਨਜੀਤ ਕੌਰ ਬਰਨਾਲਾ, ਕੁਲਦੀਪ ਕੁਮਾਰ ਠੀਕਰੀਵਾਲ, ਹਰਪ੍ਰੀਤ ਸਿੰਘ ਬਰਨਾਲਾ, ਕਸ਼ਮੀਰ ਸਿੰਘ ਕਾਲੇਕੇ, ਮਨਪ੍ਰੀਤ ਸਿੰਘ ਖੇੜੀ ਕਲਾਂ ਅਤੇ ਰਾਜਾ ਸਿੰਘ ਚੀਮਾ ਆਦਿ ਹਾਜ਼ਰ ਸਨ |