ਤਪਾ ਮੰਡੀ, 18 ਜੂਨ (ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੀ ਜਗ੍ਹਾ 'ਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਸਨ, ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਅਤੇ ਕਬਜ਼ੇ ਛੱਡਣ ਲਈ ਨੋਟਿਸ ਜਾਰੀ ਕੀਤੇ ਗਏ ਹਨ ਤਾਂ ਜੋ ਨਾਜਾਇਜ਼ ਕਬਜ਼ਿਆਂ 'ਤੇ ਉਸਾਰੀ ਬੰਦ ਹੋ ਸਕੇ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਭਾਗ ਅਫਸਰ ਨਿਖਿਲ ਕੁਮਾਰ ਨੇ ਦੱਸਿਆ ਕਿ ਬਾਬਾ ਮੱਠ ਕੋਲ ਪਿਛਲੇ ਦਿਨੀਂ ਹੀ ਚਾਰਦੀਵਾਰੀ ਕਰਕੇ ਕਮਰਾ ਪਾਇਆ ਜਾ ਰਿਹਾ ਸੀ ਜਿਸ ਨੂੰ ਰੋਕ ਦਿੱਤਾ ਗਿਆ ਅਤੇ ਕੀਤੀ ਉਸਾਰੀ ਨੂੰ ਢਾਹੁਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਇੱਕ ਧਾਰਮਿਕ ਸੰਸਥਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਨਗਰ ਕੌਂਸਲ ਦੀ ਥਾਂ ਉਪਰ ਬਹੁਤ ਲੋਕਾਂ ਵਲੋਂ ਕਬਜ਼ੇ ਕੀਤੇ ਜਾ ਰਹੇ ਹਨ | ਉਨ੍ਹਾਂ ਵਲੋਂ ਮੌਕੇ 'ਤੇ ਥਾਂ ਦਾ ਜਾਇਜ਼ਾ ਲੈ ਕੇ ਕਬਜ਼ਾ ਕਰਨ ਵਾਲਿਆਂ ਨੂੰ ਕਮਰਾ ਅਤੇ ਬਾਥਰੂਮ ਬਣਾਉਣ ਤੋਂ ਰੋਕ ਦਿੱਤਾ ਗਿਆ ਹੈ | ਭਾਗ ਅਫਸਰ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਤਪਾ ਦੀ ਸਰਕਾਰੀ ਥਾਂ ਉਪਰ ਕਬਜ਼ੇ ਨਾ ਕੀਤੇ ਜਾਣ | ਜੇਕਰ ਕੋਈ ਵਿਅਕਤੀ ਸਰਕਾਰੀ ਥਾਂ ਉਪਰ ਨਾਜਾਇਜ਼ ਕਬਜ਼ੇ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇਗੀ |