ਤਪਾ ਮੰਡੀ, 18 ਜੂਨ (ਪ੍ਰਵੀਨ ਗਰਗ)-ਸੂਬਾ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੀ ਅਗਵਾਈ ਹੇਠ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ ਨੂੰ 100 ਫ਼ੀਸਦੀ ਮੁਕੰਮਲ ਕਰਨ ਲਈ ਆਮ ਲੋਕਾਂ ਦੀ ਮਦਦ ਨਾਲ ਤਸਕਰਾਂ ਖ਼ਿਲਾਫ਼ ਵਿਆਪਕ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਜਿਸ ਤਹਿਤ ਆਪ੍ਰੇਸ਼ਨ ਕਾਸੋ ਤਹਿਤ ਐਸ.ਪੀ. (ਐਚ) ਰਾਜੇਸ਼ ਛਿੱਬਰ ਦੀ ਅਗਵਾਈ ਹੇਠ ਤਪਾ ਪੁਲਿਸ ਨੇ ਇਲਾਕੇ ਅਤੇ ਨਜ਼ਦੀਕੀ ਪਿੰਡ ਢਿਲਵਾਂ ਵਿਖੇ ਸਰਚ ਅਭਿਆਨ ਚਲਾਇਆ | ਇਸ ਸਰਚ ਆਪ੍ਰੇਸ਼ਨ ਦੌਰਾਨ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ, ਡੀ.ਐਸ.ਪੀ. ਪਰਮਜੀਤ ਸਿੰਘ ਡੋਡ ਅਤੇ ਥਾਣਾ ਮੁਖੀ ਸ਼ਰੀਫ਼ ਖ਼ਾਨ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਪੀ. (ਐਚ) ਰਾਜੇਸ਼ ਛਿੱਬਰ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਪੁੱਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਜਾਗਰੂਕ ਕਰੀਏ | ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਵਿਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਨੌਜਵਾਨੀ ਨੂੰ ਬਚਾਇਆ ਜਾ ਸਕੇ | ਇਸ ਮੌਕੇ ਉਨ੍ਹਾਂ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਨਸ਼ਾ ਕਰਦਾ ਜਾਂ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਾ ਜਾਵੇ | ਪੁਲਿਸ ਵਲੋਂ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ | ਇਸ ਮੌਕੇ ਥਾਣਾ ਮੁਖੀ ਤਪਾ ਸ਼ਰੀਫ਼ ਖ਼ਾਨ, ਥਾਣਾ ਮੁਖੀ ਰੂੜੇਕੇ ਰੇਨੂੰ ਪਰੋਚਾ, ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਰਣਜੀਤ ਸਿੰਘ, ਸਹਾਇਕ ਥਾਣੇਦਾਰ ਅਮਰਜੀਤ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਗੁਰਪਿਆਰ ਸਿੰਘ, ਹੌਲਦਾਰ ਭਰਤ ਕੁਮਾਰ ਚੌਹਾਨ ਆਦਿ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜੂਦ ਸਨ |