ਦਿੜ੍ਹਬਾ ਮੰਡੀ, 18 ਜੂਨ (ਜਸਵੀਰ ਸਿੰਘ ਅÏਜਲਾ) - ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਵਲ ਸਰਜਨ ਡਾ.ਸੰਜੇ ਕਾਮਰਾ ਵਲੋਂ ਸੀ.ਐੱਚ.ਸੀ ਦਿੜ੍ਹਬਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਐਮਰਜੈਂਸੀ ਵਾਰਡ, ਲੇਬਰ ਰੂਮ, ਟੀਕਾਕਰਨ ਐਕਸਰੇ ਵਿਭਾਗ, ਫਾਰਮੇਸੀ ਅਤੇ ਓਟ ਕਲੀਨਿਕ ਆਦਿ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰ ਕੰਮ-ਕਾਜ ਦਾ ਨਿਰੀਖਣ ਕੀਤਾ ਗਿਆ | ਉਨ੍ਹਾਂ ਵਲੋਂ ਇਸ ਮੌਕੇ ਹਸਪਤਾਲ 'ਚ ਮੌਜੂਦ ਮਰੀਜ਼ਾ ਨਾਲ ਵੀ ਗੱਲਬਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਮੌਜੂਦ ਸਮੂਹ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਲਈ ਯੋਗ ਉਪਰਾਲੇ ਕਰਨ ਲਈ ਕਿਹਾ | ਉਨ੍ਹਾਂ ਸਮੂਹ ਸਟਾਫ਼ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਵਲੋਂ ਜੱਚਾ-ਬੱਚਾ, ਗੈਰ ਸੰਚਾਰੀ ਰੋਗ ਸਬੰਧੀ ਸਿਹਤ ਸੇਵਾਵਾਂ ਦੇ ਨਾਲ ਨਾਲ ਦਵਾਈਆਂ ਤੇ ਸਟਾਫ਼ ਦੀ ਹਾਜ਼ਰੀ ਸੰਬੰਧੀ ਨਿਰੀਖਣ ਵੀ ਕੀਤਾ ਗਿਆ | ਡਾ. ਸੰਜੇ ਕਾਮਰਾ ਨੇ ਕਿਹਾ ਕਿ ਆਮ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਵੱਧ ਤੋਂ ਵੱਧ ਮਰੀਜ਼ਾਂ ਦਾ ਇਸ ਸਕੀਮ ਤਹਿਤ ਇਲਾਜ ਕਰਨ ਦੀ ਹਦਾਇਤ ਕੀਤੀ | ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ, ਗਰਭਵਤੀ ਮਹਿਲਾ ਦੀ ਸਮੇਂ ਸਿਰ ਜਾਂਚ, ਸਿਹਤ ਸਕੀਮਾਂ, ਡੇਂਗੂ, ਆਦਿ ਸਬੰਧੀ ਲੋਕਾਂ 'ਚ ਹੋਰ ਵਧੇਰੇ ਜਾਗਰੂਕਤਾ ਲਿਆਉਣ ਲਈ ਕਿਹਾ | ਉਨ੍ਹਾਂ ਹਦਾਇਤ ਕੀਤੀ ਕਿ ਸਿਹਤ ਕੇਂਦਰ ਵਿਚ ਸਾਫ਼ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਰੱਖੇ ਜਾਣ | ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਡਾ. ਯਾਦਵਿੰਦਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਕਰਨੈਲ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸਨ |