ਸੰਗਰੂਰ, 18 ਜੂਨ (ਅਮਨਦੀਪ ਸਿੰਘ ਬਿੱਟਾ) - ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਵਲੋਂ ਸੇਵਾ ਕੇਂਦਰਾਂ ਵਿਚ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ | ਇਸ ਤਰ੍ਹਾਂ ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਵਿਚ ਲਗਾਤਾਰ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ 'ਚ ਵਾਧਾ ਕੀਤਾ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਸੰਬੰਧੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਦੀਆਂ ਛੇ ਨਵੀਆਂ ਸੇਵਾਵਾਂ ਸੇਵਾ ਕੇਂਦਰ ਰਾਹੀਂ ਲਈ ਜਾ ਸਕਦੀਆਂ ਹਨ | ਹੁਣ ਡਿਜੀਟਲ ਫ਼ਰਦ ਸੇਵਾ ਕੇਂਦਰਾਂ ਵਿਚੋਂ ਲਈ ਜਾ ਸਕਦੀ ਹੈ ਅਤੇ ਇਹ ਫ਼ਰਦ ਬਿਨੈ ਕਰਤਾ ਦੇ ਫ਼ੋਨ 'ਤੇ ਵਟਸਐਪ ਨੰਬਰ 'ਤੇ ਵੀ ਭੇਜੀ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੀ ਸੇਵਾ ਵਿਚ ਵਿਰਾਸਤੀ ਇੰਤਕਾਲ ਲਈ ਸੇਵਾ ਕੇਂਦਰ ਵਿਚ ਅਰਜ਼ੀ ਦਿੱਤੀ ਜਾ ਸਕਦੀ ਹੈ, ਤੀਜੀ ਸੇਵਾ ਵਿਚ ਰਜਿਸਟਰਡ ਵਸੀਕੇ ਦੇ ਆਧਾਰ ਇੰਤਕਾਲ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਚੌਥੀ ਸੇਵਾ ਵਿਚ ਫ਼ਰਦ ਬਦਰ ਦੀ ਐਂਟਰੀ ਕਰਵਾਈ ਜਾ ਸਕਦੀ ਹੈ, ਜਿਸ ਵਿਚ ਫ਼ਰਦ ਦੇ ਰਿਕਾਰਡ ਵਿਚ ਦਰੁਸਤੀ ਕਰਵਾਈ ਜਾ ਸਕਦੀ ਹੈ | ਇਸੇ ਤਰ੍ਹਾਂ ਪੰਜਵੀਂ ਸੇਵਾ 'ਚ ਰਪਟ ਦੀ ਐਂਟਰੀ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ, ਜਿਸ ਦੀ ਲੋਨ ਅਤੇ ਕੋਰਟ ਕੇਸਾਂ ਸੰਬੰਧੀ ਜ਼ਰੂਰਤ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਛੇਵੀਂ ਸੇਵਾ ਵਿਚ ਸਬਸਕਿ੍ਪਸ਼ਨ ਦੀ ਨਵੀਂ ਸਰਵਿਸ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਤਰ੍ਹਾਂ ਇਨ੍ਹਾਂ ਸੇਵਾਵਾਂ ਨੂੰ ਘਰ ਬੈਠੇ ਹੀ ਲੈਣ ਲਈ 1076 ਨੰਬਰ ਡਾਇਲ ਕਰ ਸਕਦੇ ਹਾਂ |