27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰੇ-ਵਿਧਾਇਕ ਕਾਲਾ ਢਿੱਲੋਂ

ਅਜੀਤ ਡੈਸਕ 21-06-2025
ਬਰਨਾਲਾ, 20 ਜੂਨ (ਰਾਜ ਪਨੇਸਰ)-ਪੰਜਾਬ ਪੱਧਰ 'ਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀ ਜਥੇਬੰਦੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਲਈ ਕੰਮ ਠੱਪ ਕੀਤਾ ਹੋਇਆ | ਜਿਸ ਤਹਿਤ ਬਰਨਾਲਾ ਸ਼ਹਿਰ ਵਿਚ ਵੀ 10 ਜੂਨ ਤੋਂ ਲੈ ਕੇ ਸੀਵਰੇਜ ਕਾਮੇ ਹੜਤਾਲ ਕਰ ਧਰਨੇ 'ਤੇ ਬੈਠੇ ਹਨ ਪਰ ਸਰਕਾਰ ਵਲੋਂ ਇਨ੍ਹਾਂ ਕਾਮਿਆਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਹਲਕਾ ਬਰਨਾਲਾ ਦੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੀਵਰੇਜ ਕਾਮਿਆਂ ਦੇ ਧਰਨੇ 'ਚ ਸ਼ਮੂਲੀਅਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਦੀ ਜਿੱਥੇ ਹਮਾਇਤ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਈ ਵਰਿ੍ਹਆਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਆ ਰਹੇ ਇਨ੍ਹਾਂ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਦੇਵੇ | ਸ: ਢਿੱਲੋਂ ਨੇ ਕਿਹਾ ਕਿ ਸਮੇਂ ਸਿਰ ਸੀਵਰੇਜ ਦੀ ਸਫ਼ਾਈ ਨਾ ਹੋਣ ਦਾ ਸਾਫ਼ ਮਤਲਬ ਹੈ ਕਿ ਲੋਕਾਂ ਨੂੰ ਭਿਆਨਕ ਬਿਮਾਰੀਆਂ ਆਪਣੀ ਲਪੇਟ ਵਿਚ ਲੈਣਗੀਆਂ, ਪਰ ਇਸ ਦੇ ਬਾਵਜੂਦ ਵੀ ਸਰਕਾਰ ਅਤੇ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ | ਵਿਧਾਇਕ ਢਿੱਲੋਂ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਨੇ ਇਸੇ ਤਰ੍ਹਾਂ ਸੀਵਰੇਜ ਬੋਰਡ ਦੇ ਆਊਟਸੋਰਸ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ 'ਚ ਇਨ੍ਹਾਂ ਦੀ ਹੜਤਾਲ ਕਰ ਕੇ ਸੀਵਰੇਜ ਦੀ ਸਮੱਸਿਆ ਲੋਕਾਂ ਲਈ ਵਿਕਰਾਲ ਰੂਪ ਧਾਰਨ ਕਰ ਜਾਵੇਗੀ, ਜਿਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ | ਸਰਕਾਰ ਦੀ ਇਸ ਤੋਂ ਵੱਡੀ ਅਸਫਲਤਾ ਤੇ ਲਾਪਰਵਾਹੀ ਹੋਰ ਕੋਈ ਨਹੀਂ ਹੋ ਸਕਦੀ ਕਿ ਅੱਤ ਦੀ ਗਰਮੀ 'ਚ ਕੱਚੇ ਮਜ਼ਦੂਰਾਂ ਨੂੰ ਧਰਨੇ ਦੇਣੇ ਪੈ ਰਹੇ ਹਨ | ਜੇਕਰ ਸਰਕਾਰ ਨੇ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਬਰਨਾਲਾ ਸ਼ਹਿਰ ਵਿਚ ਸੀਵਰੇਜ ਦੀ ਬਦਬੂ ਲੋਕਾਂ ਦੇ ਨੱਕ 'ਚ ਦਮ ਕਰ ਸਕਦੀ ਹੈ | ਸ: ਢਿੱਲੋਂ ਨੇ ਆਊਟਸੋਰਸ ਕਾਮਿਆਂ ਨੂੰ ਵਿਸ਼ਵਾਸ ਦਿੱਤਾ ਕਿ ਉਹ ਸਰਕਾਰੀ ਪਲੇਟਫ਼ਾਰਮ 'ਤੇ ਉਨ੍ਹਾਂ ਦੀਆਂ ਮੰਗਾਂ ਜ਼ੋਰ ਨਾਲ ਉਠਾਉਣਗੇ | ਇਸ ਉਪਰੰਤ ਵਿਧਾਇਕ ਕਾਲਾ ਢਿੱਲੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਸ ਮਸਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਾਮਿਆਂ ਦੀਆਂ ਮੰਗਾਂ ਸਬੰਧੀ ਤੁਰੰਤ ਸਰਕਾਰ ਨਾਲ ਗੱਲ ਕਰੇ ਤੇ ਹੱਲ ਕਰਵਾਵੇ ਤਾਂ ਜੋ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਪੈਦਾ ਨਾ ਹੋਣ | ਉਨ੍ਹਾਂ ਕਿਹਾ ਕਿ ਸਬੰਧਿਤ ਠੇਕੇਦਾਰ ਵੀ ਸੀਵਰੇਜ ਦੀ ਸਾਫ਼ ਸਫ਼ਾਈ 'ਚ ਅਸਫਲ ਰਿਹਾ ਹੈ, ਜਿਸ ਕਰ ਕੇ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ | ਇਕ ਮੌਕੇ ਵਿਧਾਇਕ ਢਿੱਲੋਂ ਨਾਲ ਕਾਂਗਰਸ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸੀਨੀਅਰ ਆਗੂ ਸੂਰਤ ਸਿੰਘ ਬਾਜਵਾ, ਬਿੱਟੂ ਸ਼ਰਮਾ, ਕੌਂਸਲਰ ਅਜੇ ਕੁਮਾਰ, ਕੌਂਸਲਰ ਧਰਮ ਸਿੰਘ ਫ਼ੌਜੀ, ਆਦਿ ਵੀ ਹਾਜ਼ਰ ਸਨ | ਦੂਜੇ ਪਾਸੇ ਸੀਵਰੇਜ ਬੋਰਡ ਦੇ ਕਾਮਿਆਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਧ ਧਿਆਨ ਨਾ ਦਿੱਤਾ ਤਾਂ ਉਹ ਬਰਨਾਲਾ ਦੇ ਬਾਜਾਖਾਨਾ ਰੋਡ 'ਤੇ ਸੀਵਰੇਜ ਦੇ ਵੱਡੇ ਪਲਾਂਟ ਨੂੰ ਵੀ ਬੰਦ ਕਰ ਸਕਦੇ ਹਨ | ਪ੍ਰਧਾਨ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਿ ਇਹ ਆਊਟਸੋਰਸ ਕਾਮੇ 25-30 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ ਜਿਸ ਨਾਲ ਅੱਜ ਦੇ ਮਹਿੰਗਾਈ ਦੇ ਦੌਰ ਵਿਚ ਗੁਜ਼ਾਰਾ ਕਰਨਾ ਅÏਖਾ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਸਰਕਾਰ ਤਨਖ਼ਾਹ ਵਿਚ ਵਾਧੇ ਸਮੇਤ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰ ਕੇ ਇਨ੍ਹਾਂ ਆਊਟਸੋਰਸ ਕੰਮਾਂ ਨੂੰ ਮਜਬੂਰੀ ਵੱਸ ਅੱਤ ਦੀ ਗਰਮੀ 'ਚ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ |

ਪਿਛਲੀ ਖ਼ਬਰ ਮਾਨਸੂਨ ਸਿਰ 'ਤੇ ਆਉਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਬਰਸਾਤੀ/ਗੰਦੇ ਨਾਲੇ ਦੀ ਨਹੀਂ ਕਰਵਾਈ ਗਈ ਅਜੇ ਤੱਕ ਸਫ਼ਾਈ <br/> ਅਗਲੀ ਖ਼ਬਰ <h4>ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼</h4> ਬਰਨਾਲਾ 'ਚ ਵੱਖ-ਵੱਖ ਥਾੲੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।