ਬਰਨਾਲਾ, 20 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਮਾਨਸੂਨ ਸਿਰ 'ਤੇ ਆ ਗਿਆ ਹੈ ਪਰ ਸ਼ਾਇਦ ਨਗਰ ਕੌਂਸਲ ਬਰਨਾਲਾ ਮਾਨਸੂਨ ਦੀ ਸਥਿਤੀ ਨਾਲ ਨਜਿੱਠਣ ਬਿਲਕੁਲ ਵੀ ਗੰਭੀਰ ਨਹੀਂ | ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਬਰਸਾਤੀ/ਗੰਦੇ ਨਾਲੇ ਦੀ ਸਫ਼ਾਈ ਜੋ ਆਮ ਤੌਰ 'ਤੇ ਮਾਰਚ ਮਹੀਨੇ ਤੋਂ ਸ਼ੁਰੂ ਕਰਵਾਈ ਜਾਂਦੀ ਹੈ, ਸਬੰਧੀ ਨਗਰ ਕੌਂਸਲ ਵਲੋਂ ਅਜੇ ਤੱਕ ਕੁੱਝ ਵੀ ਨਹੀਂ ਕੀਤਾ ਗਿਆ | ਜਿਸ ਕਾਰਨ ਇਹ ਬਰਸਾਤੀ ਨਾਲਾ ਪੂਰੀ ਤਰ੍ਹਾਂ ਗੰਦਗੀ ਨਾਲ ਭਰਿਆ ਪਿਆ ਹੈ ਅਤੇ ਨਗਰ ਕੌਂਸਲ ਦੀ ਅਣਗਹਿਲੀ ਦਾ ਖ਼ਮਿਆਜ਼ਾ ਸ਼ਹਿਰ ਵਾਸੀਆਂ ਨੂੰ ਮੀਹਾਂ ਦੇ ਦਿਨਾਂ ਵਿਚ ਭੁਗਤਣਾ ਪੈ ਸਕਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਰਸਾਤਾਂ ਦੇ ਮੌਸਮ ਦੇ ਮੱਦੇਨਜ਼ਰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਵਿਚ ਬਣੇ ਬਰਸਾਤੀ/ਗੰਦੇ ਨਾਲੇ ਦੀ ਪੰਡਤ ਜਵਾਹਰ ਨਹਿਰੂ ਚੌਕ ਤੋਂ ਪੱਕਾ ਕਾਲਜ ਰੋਡ ਕਿ੍ਸ਼ਨਾ ਗਲੀ ਤੱਕ, ਕਿ੍ਸ਼ਨਾ ਗਲੀ ਤੋਂ ਅੰਡਰਗਰਾਊਾਡ ਡਿਸਪੋਜ਼ਲ ਤੱਕ, ਡਿਸਪੋਜ਼ਲ ਤੋਂ ਵਾਲੀਆ ਪੈਟਰੋਲ ਪੰਪ ਤੱਕ, ਵਾਲੀਆ ਪੈਟਰੋਲ ਪੰਪ ਤੋਂ ਬਾਜਾਖਾਨਾ ਟੀ-ਪੁਆਇੰਟ ਓਪਨ ਨਾਲੇ ਤੱਕ ਅਤੇ ਟੀ-ਪੁਆਇੰਟ ਤੋਂ ਲਸਾੜਾ ਡਰੇਨ ਤੱਕ ਸਫ਼ਾਈ ਮਾਰਚ ਮਹੀਨੇ ਵਿਚ ਸ਼ੁਰੂ ਹੋ ਕੇ ਜੂਨ ਦੇ ਦੂਜੇ ਹਫ਼ਤੇ ਤੱਕ ਮੁਕੰਮਲ ਕਰਵਾਉਣੀ ਹੁੰਦੀ ਹੈ ਤਾਂ ਜੋ ਮਾਨਸੂਨ ਦੌਰਾਨ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਪਰ ਨਗਰ ਕੌਂਸਲ ਬਰਨਾਲਾ ਵਲੋਂ ਇਹ ਸਫ਼ਾਈ ਅਜੇ ਤੱਕ ਸ਼ੁਰੂ ਨਹੀਂ ਕਰਵਾਈ ਗਈ ਅਤੇ ਬਰਸਾਤੀ ਨਾਲਾ ਕੂੜੇ ਕਰਕੱਟ ਨਾਲ ਭਰਿਆ ਪਿਆ ਹੈ | ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਵਲੋਂ ਵੀ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਸ਼ਹਿਰ ਦੀਆਂ ਨਾਲੀਆਂ ਸਾਫ਼ ਕਰ ਲਈਆਂ ਜਾਣ ਤਾਂ ਜੋ ਮੀਂਹ ਦਾ ਪਾਣੀ ਜਮਾਂ ਹੋਣ ਕਾਰਨ ਕਿਸੇ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਾਵੇ | ਪਰ ਸ਼ਾਇਦ ਨਗਰ ਕੌਂਸਲ ਨੂੰ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਹਦਾਇਤ ਦੀ ਵੀ ਕੋਈ ਪ੍ਰਵਾਹ ਨਹੀਂ | ਅਜੇ ਤੱਕ ਬਰਸਾਤੀ ਨਾਲੇ ਦੀ ਸਫ਼ਾਈ ਨਾ ਕਰਵਾਉਣ ਸਬੰਧੀ ਜਦੋਂ ਨਗਰ ਕੌਂਸਲ ਦੇ ਈ.ਓ. ਵਿਸ਼ਾਲਦੀਪ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਚੈੱਕ ਕਰਵਾ ਲੈਂਦੇ ਹਨ, ਜੇਕਰ ਨਾਲੇ ਦੀ ਸਫ਼ਾਈ ਦੀ ਲੋੜ ਪਈ ਤਾਂ ਕਰਵਾ ਲਈ ਜਾਵੇਗੀ |
ਦੋ ਸਾਲ ਪਹਿਲਾਂ ਨਾਲੇ ਦੀ ਸਫ਼ਾਈ ਸਬੰਧੀ ਦਿੱਤੇ ਗਏ 50 ਲੱਖ ਰੁਪਏ ਦੇ ਟੈਂਡਰ ਦੀ ਰਹੀ ਸੀ ਕਾਫ਼ੀ ਚਰਚਾ
ਨਗਰ ਕੌਂਸਲ ਬਰਨਾਲਾ ਵਲੋਂ ਬਰਸਾਤੀ ਨਾਲੇ ਦੀ ਸਫ਼ਾਈ ਸਬੰਧੀ ਦੋ ਸਾਲ ਪਹਿਲਾਂ 50 ਲੱਖ ਰੁਪਏ ਦੇ ਦਿੱਤੇ ਗਏ ਟੈਂਡਰ ਦੀ ਵੀ ਸ਼ਹਿਰ ਵਿਚ ਕਾਫ਼ੀ ਚਰਚਾ ਰਹੀ ਸੀ | ਸਬੰਧਿਤ ਠੇਕੇਦਾਰ ਵਲੋਂ ਸਫ਼ਾਈ ਦਾ ਕੰਮ ਵਿਚਾਲੇ ਹੀ ਅਧੂਰਾ ਛੱਡਣ, ਨਾਲੇ ਦੀ ਗੰਦਗੀ ਅਨਾਜ ਮੰਡੀ ਅਤੇ ਸੜਕਾਂ ਦੇ ਦੁਆਲੇ ਹੀ ਛੱਡਣ ਅਤੇ ਕੀਤਾ ਗਿਆ ਕੰਮ ਵੀ ਤਸੱਲੀਬਖ਼ਸ਼ ਨਾ ਹੋਣ ਕਾਰਨ ਸ਼ਹਿਰ ਦੇ ਕਈ ਕੌਂਸਲਰਾਂ ਅਤੇ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਲੋਂ ਸੱਤਾਧਾਰੀ ਧਿਰ ਅਤੇ ਨਗਰ ਕੌਂਸਲ ਅਧਿਕਾਰੀਆਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ | ਲੇਕਿਨ ਪਤਾ ਲੱਗਾ ਹੈ ਕਿ ਇਸ ਸਭ ਦੇ ਬਾਵਜੂਦ ਨਗਰ ਕੌਂਸਲ ਵਲੋਂ ਸਬੰਧਿਤ ਠੇਕੇਦਾਰ ਨੂੰ ਪੇਮੈਂਟ ਦੇ ਚੈੱਕ ਕੱਟ ਦਿੱਤੇ ਗਏ | ਬਲਾਕ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਨਾਲੇ ਦੀ ਸਫ਼ਾਈ ਸਬੰਧੀ 50 ਲੱਖ ਰੁਪਏ ਦੇ ਟੈਂਡਰ ਵਿਚ ਹੋਏ ਘਪਲੇ ਦੇ ਚਲਦਿਆਂ ਨਗਰ ਕੌਂਸਲ ਵਲੋਂ ਪਿਛਲੇ ਸਾਲ ਵੀ ਗੰਦੇ ਨਾਲ ਦੀ ਸਫ਼ਾਈ ਨਹੀਂ ਕਰਵਾਈ ਗਈ ਅਤੇ ਇਸ ਸਾਲ ਵੀ ਅਜੇ ਤੱਕ ਨਾਲੇ ਦੀ ਸਫ਼ਾਈ ਸਬੰਧੀ ਕੋਈ ਟੈਂਡਰ ਨਹੀਂ ਲਾਇਆ ਗਿਆ ਅਤੇ ਨਾ ਹੀ ਆਪਣੇ ਪੱਧਰ 'ਤੇ ਨਗਰ ਕੌਂਸਲ ਵਲੋਂ ਸਫ਼ਾਈ ਕਰਵਾਈ ਗਈ ਹੈ |
ਮਾਨਸੂਨ ਸਿਰ 'ਤੇ ਆਉਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਬਰਸਾਤੀ/ਗੰਦੇ ਨਾਲੇ ਦੀ ਨਹੀਂ ਕਰਵਾਈ ਗਈ ਅਜੇ ਤੱਕ ਸਫ਼ਾਈ <br/>
ਸ਼ਹਿਰ ਦੇ ਪੱਕਾ ਕਾਲਜ ਰੋਡ 'ਤੇ ਸਫ਼ਾਈ ਨਾ ਹੋਣ ਕਾਰਨ ਕੂੜੇ ਕਰਕਟ ਨਾਲ ਭਰੇ ਬਰਸਾਤੀ/ਗੰਦੇ ਨਾਲੇ ਦੀ ਤਸਵੀਰ | (ਸੱਜੇ) ਸਫ਼ਾਈ ਦੀ ਅਣਹੋਂਦ ਕਾਰਨ ਬਾਜਾਖਾਨਾ ਰੋਡ 'ਤੇ ਸਥਿਤ ਵੇਅਰਹਾਊਸ ਦੇ ਗੋਦਾਮਾਂ ਨਾਲ ਲੰਘਦੇ ਬਰਸਾਤੀ ਦੀ ਤਸਵੀਰ | ਤਸਵੀਰਾਂ : ਰਿੰਪੀ ਸਟੂਡੀਓ<br/>
21-06-2025