ਤਪਾ ਮੰਡੀ, 21 ਜੂਨ (ਪ੍ਰਵੀਨ ਗਰਗ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸ਼ਹਿਣਾ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਤਪਾ ਸਥਿਤ ਰਿਹਾਇਸ਼ ਵਿਖੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਸੌਂਪਿਆ | ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਹਲਕਾ ਵਿਧਾਇਕ ਉੱਗੋਕੇ ਨੂੰ ਆਪਣੀਆਂ ਮੰਗਾਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗ਼ਰੀਬ ਬਸਤੀਆਂ ਅੰਦਰ ਲੰਮੇ ਸਮੇਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮੁੱਢਲੀ ਕਿਸਮ ਦੀਆਂ ਸਿਹਤ ਸਹੂਲਤਾਂ ਦੇਣ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ, ਤਜਰਬੇ ਦੇ ਆਧਾਰ 'ਤੇ ਲੰਮੇ ਸਮੇਂ ਤੋਂ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪਾਰਟ ਟਾਈਮ ਟਰੇਨਿੰਗ ਦਿੱਤੀ ਜਾਵੇ, ਸਬੰਧੀ ਵਿਸਥਾਰ ਪੂਰਵਕ ਜਾਣੂੰ ਕਰਵਾਇਆ | ਜਦਕਿ ਉਦਾਹਰਨ ਦੇ ਤੌਰ 'ਤੇ ਬਿਹਾਰ, ਪੱਛਮੀ ਬੰਗਾਲ, ਰਾਜਸਥਾਨ ਆਦਿ ਹੋਰ ਸੂਬਿਆਂ ਅੰਦਰ ਸਥਾਨਕ ਸਰਕਾਰਾਂ ਵਲੋਂ ਅਜਿਹੇ ਉਪਰਾਲੇ ਕੀਤੇ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਵਲੋਂ ਸਮੇਂ-ਸਮੇਂ 'ਤੇ ਕੁਦਰਤੀ ਆਫ਼ਤਾਂ ਸਮੇਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਲੋਂ ਸਮਾਜਿਕ ਬੁਰਾਈਆਂ ਜਿਵੇਂ ਦਾਜ ਦਹੇਜ, ਨਸ਼ਾ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ਖ਼ਿਲਾਫ਼ ਨੁੱਕੜ ਮੀਟਿੰਗਾਂ, ਸੈਮੀਨਾਰ ਆਦਿ ਰਾਹੀਂ ਲੋਕਾਂ ਜਾਗਰੂਕ ਕਰਨ ਦੇ ਉਪਰਾਲੇ ਵੀ ਕੀਤੇ ਜਾਂਦੇ ਹਨ | ਉਪਰੰਤ ਹਲਕਾ ਵਿਧਾਇਕ ਨੇ ਸਮੁੱਚੀ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਦਾ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਹਰ ਸੰਭਵ ਹੱਲ ਕਰਵਾਉਣਗੇ | ਇਸ ਮੌਕੇ ਸਮੁੱਚੀ ਐਸੋਸੀਏਸ਼ਨ ਨੇ ਹਲਕਾ ਵਿਧਾਇਕ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਟੇਟ ਆਗੂ ਦਰਸ਼ਨ ਢਿਲਵਾਂ, ਬਲਾਕ ਪ੍ਰਧਾਨ ਡਾ: ਬਿੱਕਰ ਸਿੰਘ, ਸਕੱਤਰ ਡਾ: ਚਮਕੌਰ ਵਿਧਾਤਾ, ਖ਼ਜ਼ਾਨਚੀ ਡਾ: ਨਰੇਸ਼, ਸਤਾਰ ਮੁਹੰਮਦ, ਡਾ: ਬੂਟਾ ਸੰਧੂ, ਡਾ: ਗੁਰਦੀਪ ਮੱਲੀਆਂ, ਗੁਰਦੀਪ ਢਿਲਵਾਂ, ਅਮਨਦੀਪ ਜੈਮਲ ਸਿੰਘ ਵਾਲਾ, ਲੱਖੀ ਮੌੜ, ਚਰਨਜੀਤ ਮੌੜ ਪਟਿਆਲਾ, ਡਾ: ਗੁਰਦੀਪ ਮੱਲੀਆਂ, ਡਾ: ਮੋਦਨ ਸ਼ਹਿਣਾ, ਡਾ: ਚਿਮਨ, ਡਾ: ਸੁਰਿੰਦਰ ਬੱਲੋਕੇ, ਡਾ: ਸੰਦੀਪ ਉੱਗੋਕੇ, ਡਾ: ਦਿਲਬਰ ਹੁਸੈਨ ਸ਼ਹਿਣਾ, ਡਾ: ਰਾਜ ਘੁੰਨਸ, ਡਾ: ਹਰਪ੍ਰੀਤ ਚੀਮਾ ਆਦਿ ਮੌਜੂਦ ਸਨ |