ਹੰਡਿਆਇਆ, 22 ਜੂਨ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਦੇ ਕੋਠੇ ਸਰਾਂ ਵਿਖੇ ਇੱਕ ਸਾਈਕਲ ਸਵਾਰ ਦੀ ਗੱਡੀ ਦੀ ਫੇਟ ਵੱਜਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਜਗਦੇਵ ਸਿੰਘ ਪੁੱਤਰ ਰਿਖੀ ਸਿੰਘ ਵਾਸੀ ਖੁੱਡੀ ਪੱਤੀ ਧੌਲਾ ਆਪਣੇ ਸਾਥੀਆਂ ਨਾਲ ਕੰਮ ਤੋਂ ਘਰ ਪਰਤ ਰਿਹਾ ਸੀ ਤਾਂ ਜਦ ਉਹ ਫ਼ਤਿਹਗੜ੍ਹ ਛੰਨਾ ਰੋਡ ਨੇੜੇ ਕੋਠੇ ਸਰਾਂ ਵਿਖੇ ਪਹੁੰਚੇ ਤਾਂ ਇੱਕ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ | ਜਿਸ ਨਾਲ ਉਹ ਸੜਕ 'ਤੇ ਡਿਗ ਪਿਆ ਅਤੇ ਉਸ ਦੇ ਸਿਰ ਵਿਚ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਜਗਦੇਵ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿਚ ਰਖਵਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਗੱਡੀ ਨੰਬਰ ਐੱਚ.ਆਰ. 20ਯੂ-2111 ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਿ੍ਤਕ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਥਾਣਾ ਸਦਰ ਬਰਨਾਲਾ ਵਿਖੇ ਦਰਜ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ | ਇਸ ਕੇਸ ਦੀ ਤਫ਼ਤੀਸ਼ ਥਾਣੇਦਾਰ ਗੁਰਮੇਲ ਸਿੰਘ ਕਰ ਰਹੇ ਹਨ |