ਧਨੌਲਾ, 22 ਜੂਨ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਟਿੱਬੀਸਰ ਸਾਹਿਬ ਪਿੰਡ ਕੱਟੂ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਦੇ ਵੱਡੇ ਭਰਾ ਭਾਈ ਰਣਜੀਤ ਸਿੰਘ ਪੁੱਤਰ ਸਰਬਣ ਸਿੰਘ ਦੀ ਰਹੱਸਮਈ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਕੱਟੂ ਦੇ ਉੱਘੇ ਸਿੱਖ ਚਿੰਤਕ ਭਾਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਜੀਤ ਸਿੰਘ ਪਿੰਡ ਕੱਟੂ ਤੋਂ ਭੱਠਲਾਂ ਹੋ ਕੇ ਧਨੌਲੇ ਵੱਲ ਜਾ ਰਹੇ ਸਨ | ਉਨ੍ਹਾਂ ਦੱਸਿਆ ਕਿ ਪਿੰਡ ਭੱਠਲਾਂ ਸਰਕਾਰੀ ਸਕੂਲ ਤੋਂ ਅੱਗੇ ਰਜਵਾਹੇ ਦੀ ਪਟੜੀ ਤੋਂ ਰਹੱਸਮਈ ਹਾਲਤ ਵਿਚ ਉਨ੍ਹਾਂ ਦਾ ਸਾਈਕਲ ਪ੍ਰਾਪਤ ਹੋਇਆ ਸੀ | ਜਦ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਪਤਵੰਤਿਆਂ ਨੇ ਰਜਵਾਹੇ ਦੇ ਨਾਲ ਨਾਲ ਜਾ ਕੇ ਉਨ੍ਹਾਂ ਨੂੰ ਲੱਭਣਾ ਚਾਹਿਆ ਤਾਂ ਰਜਵਾਹੇ ਦੀ ਟੇਲ ਪਿੰਡ ਜਿਉਂਦ ਪੁੱਜ ਕੇ ਉਨ੍ਹਾਂ ਦੀ ਮਿ੍ਤਕ ਦੇਹ ਪ੍ਰਾਪਤ ਹੋਈ | ਥਾਣਾ ਰਾਮਪੁਰਾ ਦੀ ਪੁਲਿਸ ਨੇ ਭਾਈ ਰਣਜੀਤ ਸਿੰਘ ਦੀ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ | ਜਿਨ੍ਹਾਂ ਦਾ ਕੱਲ੍ਹ ਪਿੰਡ ਕੱਟੂ ਵਿਖੇ ਬੜੇ ਹੀ ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕੀਤਾ ਗਿਆ | ਭਾਈ ਰਣਜੀਤ ਸਿੰਘ ਤਿੰਨ ਲੜਕੀਆਂ ਦੇ ਪਿਤਾ ਦੱਸੇ ਜਾ ਰਹੇ ਹਨ | ਸਸਕਾਰ ਮੌਕੇ ਅੰਮਿ੍ਤ ਸੰਚਾਰ ਜਥਾ ਘੋਲੀਆ ਦੇ ਮੁਖੀ ਭਾਈ ਅਵਤਾਰ ਸਿੰਘ, ਭਾਈ ਹਰਬੇਅੰਤ ਸਿੰਘ, ਸਰਦਾਰ ਸਰਬਜੀਤ ਸਿੰਘ ਕੱਟੂ, ਸਰਪੰਚ ਕਰਨੈਲ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਦੁਖਦਾਈ ਘਟਨਾ ਸੁਣਦਿਆਂ ਹੀ ਇਲਾਕਾ ਭਰ ਅੰਦਰ ਸੋਗ ਫੈਲ ਗਿਆ |