ਤਪਾ ਮੰਡੀ, 16 ਅਕਤੂਬਰ (ਵਿਜੇ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਆਯੋਜਿਤ ਬਠਿੰਡਾ-ਫਰੀਦਕੋਟ ਜ਼ੋਨ ਪੱਧਰੀ ਖੇਤਰੀ ਯੁਵਕ ਮੇਲੇ-2025 ਵਿਚ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰੰਗਮੰਚ (ਥੀਏਟਰ) ਸ਼੍ਰੇਣੀ ਵਿਚ ਓਵਰਆਲ ਟਰਾਫ਼ੀ ਜਿੱਤ ਕੇ ਇਤਿਹਾਸਕ ਉਪਲਬਧੀ ਦਰਜ ਕਰਵਾਈ ਹੈ | ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਹੋਏ ਇਸ ਮੇਲੇ ਵਿਚ ਸੰਸਥਾ ਦੇ ਵਿਦਿਆਰਥੀਆਂ ਨੇ ਕਲਾ, ਸਭਿਆਚਾਰ ਅਤੇ ਰੰਗਮੰਚੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫ਼ਤਿਹ ਗਰੁੱਪ ਨੇ ਰੰਗਮੰਚ ਸ਼੍ਰੇਣੀ ਵਿਚ ਨੁੱਕੜ ਨਾਟਕ, ਮਿਮਕਰੀ ਤੇ ਭੰਡ ਮੁਕਾਬਲਿਆਂ ਵਿਚ ਪਹਿਲਾ, ਸਕਿੱਟ ਤੇ ਮਾਈਮ ਵਿਚ ਦੂਜਾ, ਜਦਕਿ ਨਾਟਕ ਵਿਚ ਤੀਜਾ ਸਥਾਨ ਹਾਸਲ ਕੀਤਾ | ਲੋਕ ਗੀਤ ਅਤੇ ਲੋਕ ਸਾਜ਼ ਵਿਚ ਵੀ ਪਹਿਲਾ ਸਥਾਨ ਪ੍ਰਾਪਤ ਕਰ ਕੇ ਵਿਦਿਆਰਥੀਆਂ ਨੇ ਲੋਕਧਾਰਾ ਦੀ ਮਹਿਕ ਬਖੇਰੀ | ਇਸ ਤੋਂ ਇਲਾਵਾ ਗ਼ਜ਼ਲ, ਗਰੁੱਪ ਸ਼ਬਦ, ਇੰਡੀਅਨ ਗਰੁੱਪ ਸੌਂਗ ਤੇ ਫੋਕ ਆਰਕੈਸਟਰਾ ਵਿਚ ਦੂਜਾ, ਜਦਕਿ ਗੁੱਡੀਆਂ-ਪਟੋਲੇ ਤੇ ਈਨੂੰ ਬਣਾਉਣ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਕਰੋਸ਼ੀਆ ਬੁਣਨ ਤੇ ਪੀੜ੍ਹੀ ਬੁਣਨ ਵਰਗੇ ਹੁਨਰਮੰਦ ਮੁਕਾਬਲਿਆਂ ਵਿਚ ਵੀ ਪਹਿਲਾ ਤੇ ਦੂਜਾ ਸਥਾਨ ਜਿੱਤ ਕੇ ਸੰਸਥਾ ਨੇ ਕੁੱਲ 16 ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ | ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ ਤੇ ਯੂਥ ਕੋਆਰਡੀਨੇਟਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਰਾਜਿੰਦਰਾ ਕਾਲਜ ਵਿਚ ਪੇਸ਼ ਕੀਤਾ ਗਿਆ | ਫ਼ਤਿਹ ਗਰੁੱਪ ਦਾ ਨਾਟਕ ਏਨਾ ਪ੍ਰਭਾਵਸ਼ਾਲੀ ਸੀ ਕਿ ਦਰਸ਼ਕਾਂ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ | ਸੰਸਥਾ ਦੇ ਚੇਅਰਮੈਨ ਐਸ. ਐਸ. ਚੱਠਾ ਨੇ ਜੇਤੂ ਵਿਦਿਆਰਥੀਆਂ, ਕੋਚਾਂ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਪੱਧਰ 'ਤੇ ਵੀ ਜਿੱਤ ਦੀ ਉਮੀਦ ਜਤਾਈ | ਐਮ. ਡੀ. ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ, ਪਿ੍ੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਜਸਵਿੰਦਰ ਸਿੰਘ, ਪ੍ਰੋ: ਸੰਦੀਪ ਕੌਰ, ਕਰਮਜੀਤ ਕੌਰ, ਅਨੀਤਾ ਗਰਗ, ਰੋਬਿਨ ਮੰਗਲਾ, ਮਨਦੀਪ ਕੌਰ, ਜਸਪ੍ਰੀਤ ਕੌਰ, ਡਾ: ਗੁਰਵਿੰਦਰ ਸਿੰਘ, ਪੂਜਾ ਰਾਣੀ, ਜੋਨੀ ਰਾਣੀ, ਦੀਪਤੀ, ਅਨੀਕਾ, ਸੋਨੀਆ, ਖੇਡ ਵਿਭਾਗ ਮੁਖੀ ਕੁਲਦੀਪ ਸਿੰਘ, ਵਰਿੰਦਰ ਕੌਰ ਸਮੇਤ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਫ਼ਤਿਹ ਗਰੁੱਪ ਦੀ ਇਹ ਸਫਲਤਾ ਮਿਹਨਤ, ਸਮਰਪਣ ਤੇ ਕਲਾ ਪ੍ਰਤੀ ਜੁੜਾਅ ਦਾ ਪ੍ਰਤੀਕ ਹੈ |