22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਉਮਰ ਹੱਦ ਛੋਟ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਸਿਹਤ ਮੰਤਰੀ ਨੂੰ ਮਿਲੇ ਕਿਹਾ ਮੰਗ ਪੂਰੀ ਨਾ ਹੋਈ ਤਾਂ ਸਿਹਤ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਮਨਾਉਣਗੇ ਦੀਵਾਲੀ

ਅਜੀਤ ਡੈਸਕ 17-10-2025
ਤਪਾ ਮੰਡੀ, 16 ਅਕਤੂਬਰ (ਵਿਜੇ ਸ਼ਰਮਾ)-ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਉਪਰੰਤ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਵੱਡੇ ਪੱਧਰ ਉੱਤੇ ਰੁਜ਼ਗਾਰ ਦਿੱਤਾ ਜਾਵੇਗਾ ਅਤੇ ਰੁਜ਼ਗਾਰ ਉਡੀਕਦੇ ਉਮਰ ਹੱਦ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਸੇਵਾ ਨਿਯਮਾਂ ਵਿਚ ਸੋਧ ਕਰ ਕੇ ਉੱਪਰਲੀ ਉਮਰ ਸੀਮਾ ਵਿਚ ਵਾਧਾ ਕੀਤਾ ਜਾਵੇਗਾ | ਇਸੇ ਤਹਿਤ ਪੰਜਾਬ ਦੇ ਸਿਹਤ ਵਿਭਾਗ ਨਾਲ ਸਬੰਧਿਤ ਬੇਰੁਜ਼ਗਾਰ ਮਲਟੀਪਰਪਜ਼ ਵਰਕਰ ਯੂਨੀਅਨ (ਪੁਰਸ਼) ਪੰਜਾਬ ਵਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦੀ ਅਗਵਾਈ ਵਿਚ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ | ਜਿੱਥੇ ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਚੋਣਾਂ ਮੌਕੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਵੱਖ-ਵੱਖ ਸਟੇਜਾਂ ਉੱਤੇ ਸਮੇਤ ਰੱਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਵਿਖੇ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਉੱਪਰਲੀ ਉਮਰ ਸੀਮਾ ਵਿਚ ਸੋਧ ਕਰ ਕੇ ਸਿੱਖਿਆ ਅਤੇ ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਿਚ ਉਮਰ ਹੱਦ ਛੋਟ ਦੇਵੇਗੀ | ਪੰਜਾਬ ਸਰਕਾਰ ਵਲੋਂ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਪਹਿਲੀ ਵਾਰ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ 270 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਲੰਘੇ ਸਾਢੇ ਪੰਜ ਸਾਲਾਂ ਵਿਚ ਅੰਦਾਜ਼ਨ 1800 ਉਮੀਦਵਾਰ ਹੋਰ ਓਵਰਏਜ ਹੋ ਚੁੱਕੇ ਹਨ | ਹੁਣ 270 ਪੋਸਟਾਂ ਲਈ ਮਹਿਜ਼ 300-400 ਉਮੀਦਵਾਰ ਹੀ ਉਮਰ ਅਨੁਸਾਰ ਯੋਗ ਹੋਣਗੇ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਾਢੇ 5 ਸਾਲਾਂ ਵਿਚ ਕੋਈ ਭਰਤੀ ਨਾ ਹੋਣ ਕਰ ਕੇ ਅਨੇਕਾਂ ਉਮੀਦਵਾਰ ਉੱਪਰਲੀ ਉਮਰ ਸੀਮਾ ਲੰਘਾ ਚੁੱਕੇ ਹਨ | ਇਸ ਲਈ ਉਕਤ ਸਾਰੇ ਤੱਥਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਉੱਪਰਲੀ ਉਮਰ ਸੀਮਾ ਵਿਚ ਸੋਧ ਕਰ ਕੇ ਓਵਰਏਜ ਹੋ ਚੁੱਕੇ ਬੇਰੁਜ਼ਗਾਰਾਂ ਨੂੰ 270 ਪੋਸਟਾਂ ਵਿਚ ਅਪਲਾਈ ਕਰਨ ਦਾ ਮੌਕਾ ਪ੍ਰਦਾਨ ਕਰੇ | ਸਿਹਤ ਮੰਤਰੀ ਡਾ: ਬਲਵੀਰ ਸਿੰਘ ਵਲੋਂ ਬੇਰੁਜ਼ਗਾਰਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਆਪਣੇ ਮਹਿਕਮੇ ਨੂੰ ਸਖ਼ਤ ਹਦਾਇਤਾਂ ਕੀਤੀਆਂ ਕਿ ਜਲਦੀ ਤੋਂ ਜਲਦੀ ਇਸ ਸਬੰਧੀ ਤਜਵੀਜ਼ ਤਿਆਰ ਕੀਤੀ ਜਾਵੇ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਖ਼ੁਦ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਤੋਂ ਇਸ ਦੀ ਪ੍ਰਵਾਨਗੀ ਹਾਸਲ ਕਰਨਗੇ | ਬੇਰੁਜ਼ਗਾਰ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਦੀਵਾਲੀ ਤੋਂ ਪਹਿਲਾਂ ਬੇਰੁਜ਼ਗਾਰਾਂ ਦੀ ਉਕਤ ਮੰਗ ਪੂਰੀ ਨਾ ਕੀਤੀ ਤਾਂ ਬੇਰੁਜ਼ਗਾਰ ਇਸ ਵਾਰ ਦੀ ਦੀਵਾਲੀ ਸਿਹਤ ਮੰਤਰੀ ਡਾ: ਬਲਵੀਰ ਸਿੰਘ ਦੀ ਕੋਠੀ ਅੱਗੇ ਪਟਿਆਲਾ ਵਿਖੇ ਮਨਾਉਣਗੇ | ਇਸ ਮੌਕੇ ਕਰਮਜੀਤ ਸਿੰਘ ਜਗਜੀਤਪੁਰਾ, ਲਖਵੀਰ ਸਿੰਘ ਮੌੜ, ਬਿੰਦਰ ਸਿੰਘ ਮੌੜ, ਨਿਰਮਲ ਸਿੰਘ ਮੌੜ, ਜਸਵੀਰ ਸਿੰਘ ਤਪਾ ਅਤੇ ਬਿੰਦਰ ਸਿੰਘ ਤਪਾ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ 2 ਪੁਲਿਸ ਅੜਿੱਕੇ ਅਗਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਟ੍ਰੈਫ਼ਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।