ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)-ਢਿਲਵਾਂ ਫਾਟਕਾਂ ਨਜ਼ਦੀਕ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰਾਲੇ ਦੇ ਖ਼ਾਲੀ ਟਰਾਲੇ ਨਾਲ ਟਕਰਾ ਜਾਣ ਦਾ ਸਮਾਚਾਰ ਹੈ ਪ੍ਰੰਤੂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਝੋਨੇ ਦੀਆਂ ਓਵਰਲੋਡ ਬੋਰੀਆਂ ਦਾ ਇਕ ਟਰਾਲਾ ਜੋ ਦੂਸਰੇ ਜ਼ਿਲਿ੍ਹਆਂ ਤੋਂ ਝੋਨੇ ਦੀਆਂ ਬੋਰੀਆਂ ਲੱਦ ਕੇ ਤਪਾ ਵੱਲ ਆ ਰਿਹਾ ਸੀ ਤਾਂ ਢਿਲਵਾਂ ਰੇਲਵੇ ਫਾਟਕ ਨਜ਼ਦੀਕ ਦੂਸਰੀ ਸਾਈਡ ਤੋਂ ਖ਼ਾਲੀ ਆ ਰਹੇ ਟਰਾਲੇ ਨਾਲ ਟਕਰਾ ਗਿਆ ਤੇ ਓਵਰਲੋਡ ਟਰਾਲੇ 'ਚੋਂ 2-3 ਬੋਰੀਆਂ ਝੋਨੇ ਦੀਆਂ ਫੱਟ ਜਾਣ ਕਾਰਨ ਡਰਾਈਵਰਾਂ ਦੀ ਆਪਸ 'ਚ ਕਿਹਾ ਸੁਣੀ ਹੋ ਗਈ ਅਤੇ ਇਰਦ-ਗਿਰਦ ਲੋਕਾਂ ਦਾ ਇਕੱਠ ਹੋ ਗਿਆ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਓਵਰਲੋਡ ਵਾਹਨਾਂ ਨੂੰ ਸ਼ਹਿਰ ਦੇ ਬਾਹਰੀ ਰਸਤਿਆਂ ਤੋਂ ਲੰਘਾਇਆ ਜਾਵੇ, ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਹਿ ਸਕੇ |