13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਭਾਕਿਯੂ ਡਕੌਂਦਾ ਦੇ ਆਗੂ ਕਣਕ ਦਾ ਬੀਜ ਅਤੇ ਖਾਦਾਂ ਲੈ ਕੇ ਰਵਾਨਾ

ਅਜੀਤ ਡੈਸਕ 18-10-2025
ਮਹਿਲ ਕਲਾਂ, 17 ਅਕਤੂਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਭਾਕਿਯੂ ਡਕੌਂਦਾ (ਧਨੇਰ) ਬਲਾਕ ਮਹਿਲ ਕਲਾਂ ਦੀ ਆਗੂ ਟੀਮ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪੀੜਤ ਕਿਸਾਨਾਂ ਦੀ ਫ਼ਸਲ ਬੀਜਣ ਲਈ ਖਾਦ, ਬੀਜ ਲੈ ਕੇ ਰਵਾਨਾ ਹੋਇਆ | ਇਸ ਕਾਫ਼ਲੇ ਦੀ ਅਗਵਾਈ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ, ਜੱਗਾ ਸਿੰਘ ਮਹਿਲ ਕਲਾਂ, ਬਲਵੀਰ ਸਿੰਘ ਮਾਂਗੇਵਾਲ, ਜਗਤਾਰ ਸਿੰਘ ਠੁੱਲੀਵਾਲ ਨੇ ਕੀਤੀ | ਦਾਨੀ ਪਰਿਵਾਰਾਂ ਅਤੇ ਇਨਕਲਾਬੀ ਜਮਹੂਰੀ ਲਹਿਰ ਦੇ ਹਮਦਰਦ ਪਰਿਵਾਰਾਂ ਨੇ ਆਰਥਿਕ ਸਹਿਯੋਗ ਦੇ ਨਾਲ ਖਾਦ, ਬੀਜ ਲੈ ਕੇ ਕਾਫ਼ਲਾ ਰਵਾਨਾ ਕਰਨ ਸਮੇਂ ਕਿਸਾਨ ਆਗੂਆਂ ਆਖਿਆ ਕਿ ਹੜ੍ਹ ਪੀੜਤਾਂ ਲਈ ਬਰਨਾਲਾ ਸ਼ਹਿਰ ਵਿਚ ਇਨਕਲਾਬੀ ਜਮਹੂਰੀ ਲਹਿਰ ਦੇ ਪਰਿਵਾਰਾਂ ਨੇ ਵੱਡਾ ਸਹਿਯੋਗ ਕੀਤਾ ਹੈ | ਆਗੂਆਂ ਕਿਹਾ ਕਿ ਪੰਜਾਬ ਅੰਦਰ ਕੇਂਦਰ ਅਤੇ ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਹੜ੍ਹਾਂ ਨੇ ਇਸ ਵਾਰ ਭਾਰੀ ਤਬਾਹੀ ਮਚਾਈ | ਜਿਸ ਨਾਲ ਫ਼ਸਲਾਂ, ਘਰ ਘਾਟ, ਪਸ਼ੂ ਤੇ ਹੋਰ ਘਰੇਲੂ ਸਮਾਨ ਰੁੜ੍ਹ ਗਿਆ ਜਾਂ ਖ਼ਰਾਬ ਹੋ ਗਿਆ | ਖੇਤਾਂ ਵਿਚ ਗਾਰ ਭਰ ਗਈ, ਪਸ਼ੂਆਂ ਮਰੇ ਅਤੇ ਖ਼ਰਾਬ ਫ਼ਸਲਾਂ ਕਾਰਨ ਬਿਮਾਰੀਆਂ ਫੈਲਣ ਦਾ ਗੰਭੀਰ ਖ਼ਤਰਾ ਪੈਦਾ ਹੋਇਆ | ਅਜਿਹੇ ਸਮੇਂ ਪੰਜਾਬੀਆਂ ਨੇ ਆਪਣੇ ਭਰਾਵਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਹੈ ਅਤੇ ਇਕੱਠੇ ਹੋ ਕੇ ਦਰਿਆਵਾਂ ਨੂੰ ਬੰਨ੍ਹ ਮਾਰੇ ਹਨ | ਪਰ ਇਸ ਵਾਰ ਨੁਕਸਾਨ ਬਹੁਤ ਜ਼ਿਆਦਾ ਹੈ | ਇਸ ਲਈ ਮਦਦ ਵੀ ਲੰਬੇ ਸਮੇਂ ਤੱਕ ਕਰਨੀ ਪਵੇਗੀ | ਖੇਤਾਂ ਵਿਚੋਂ ਗਾਰ ਕੱਢਣ, ਜ਼ਮੀਨ ਪੱਧਰੀ ਕਰਨ ਅਤੇ ਅਗਲੀ ਫ਼ਸਲ ਬੀਜਣ ਲਈ ਡੀਜ਼ਲ, ਖਾਦ ਅਤੇ ਬੀਜ, ਬਿਮਾਰੀਆਂ ਫੈਲਣ ਤੋਂ ਰੋਕਣ ਲਈ ਦਵਾਈਆਂ, ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਗੁਜ਼ਾਰੇ ਲਈ ਰਾਸ਼ਨ, ਕੱਪੜੇ, ਘਰੇਲੂ ਸਮਾਨ ਅਤੇ ਹੋਰ ਲੋੜਾਂ ਲਈ ਨਗਦ ਰਾਸ਼ੀ ਦੀ ਵੀ ਲੋੜ ਹੈ | ਸਾਰੀਆਂ ਹੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਆਪੋ ਆਪਣੀ ਜ਼ਿੰਮੇਵਾਰੀ ਚੁੱਕੀ ਅਤੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਲੱਕ ਬੰਨ੍ਹ ਕੇ ਅੱਗੇ ਆਏ ਹਨ | ਇਸ ਸਮੇਂ ਆਗੂਆਂ ਹੜ੍ਹ ਪੀੜਤਾਂ ਨੂੰ ਲੋੜੀਂਦਾ ਸਮਾਨ ਦੇਣ ਸਮੇਂ ਕਿਹਾ ਕਿ ਹੜ੍ਹ ਕੁਦਰਤ ਦੀ ਕਰੋਪੀ ਨਹੀਂ ਸਗੋਂ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਾਰਨ ਆਏ ਹਨ | ਇਸ ਲਈ ਹੜ੍ਹਾਂ ਨੂੰ ਰੋਕਣ ਵਾਸਤੇ ਪੱਕੇ ਪ੍ਰਬੰਧ ਕਰਵਾਉਣ ਲਈ, ਲੋਕਾਂ ਦਾ ਮੁੜ ਵਸੇਬਾ ਅਤੇ ਮੁਆਵਜ਼ਾ ਵਗ਼ੈਰਾ ਦਿਵਾਉਣ ਲਈ ਸੰਘਰਸ਼ ਦੀ ਤਿਆਰੀ ਵੀ ਨਾਲੋਂ ਨਾਲ ਕਰਨ ਦੀ ਲੋੜ ਹੈ | ਹੜ੍ਹ ਪੀੜਤਾਂ ਲਈ ਸਮਾਨ ਦੀ ਵੰਡ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਮੇਟੀ ਦੀ ਅਗਵਾਈ ਵਿਚ ਵੰਡੀ ਜਾਵੇਗੀ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਦੱਸਿਆ ਕਿ 18 ਅਕਤੂਬਰ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਜਥੇਬੰਦੀ ਵਲੋਂ ਕਣਕ ਬੀਜਣ ਲਈ ਬੀਜ, ਖਾਦ ਅਤੇ ਡੀਜ਼ਲ ਦੀ ਸਹਾਇਤਾ ਕੀਤੀ ਜਾਵੇਗੀ | ਆਗੂਆਂ ਨੇ ਸੇਵਾ, ਸੰਘਰਸ਼, ਮੁਕਤੀ ਦੇ ਸੰਕਲਪ ਬਾਰੇ ਸਾਫ਼ ਕਰਦਿਆਂ ਕਿਹਾ ਕਿ ਚੇਤੰਨ ਜਥੇਬੰਦ ਲੋਕ ਹੀ ਆਪਣਿਆਂ ਤੇ ਪਈ ਭੀੜ ਸਮੇਂ ਕੰਮ ਆਏ ਹਨ | ਇਨ੍ਹਾਂ ਹੜ੍ਹਾਂ ਦੀ ਰੋਕਥਾਮ ਅਤੇ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਜਥੇਬੰਦਕ ਸੰਘਰਸ਼ ਹੀ ਅਜਿਹਾ ਹਥਿਆਰ ਹੈ ਜੋ ਇਨ੍ਹਾਂ ਮੁਸ਼ਕਲਾਂ ਤੋਂ ਪੱਕੇ ਤੌਰ 'ਤੇ ਨਿਜਾਤ ਦਿਵਾ ਸਕਦਾ ਹੈ | ਇਸ ਸਮੇਂ ਹੋਰ ਵੀ ਕਿਸਾਨ ਆਗੂ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਓਵਰਲੋਡ ਝੋਨੇ ਦੀਆਂ ਬੋਰੀਆਂ ਵਾਲਾ ਟਰਾਲਾ ਖ਼ਾਲੀ ਟਰਾਲੇ ਨਾਲ ਟਕਰਾਇਆ ਅਗਲੀ ਖ਼ਬਰ ਹਲਕਾ ਤਰਨ ਤਾਰਨ ਜ਼ਿਮਨੀ ਚੋਣ 'ਚ ਆਪ ਕਰੇਗੀ ਸ਼ਾਨਦਾਰ ਜਿੱਤ ਪ੍ਰਾਪਤ-ਐਡਵੋਕੇਟ ਢਿਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।