ਮਹਿਲ ਕਲਾਂ, 17 ਅਕਤੂਬਰ (ਅਵਤਾਰ ਸਿੰਘ ਅਣਖੀ)-ਸਰਕਾਰੀ ਮਿਡਲ ਸਕੂਲ ਖ਼ਿਆਲੀ (ਬਰਨਾਲਾ) ਦੇ ਵਿਦਿਆਰਥੀ ਹੋਣਹਾਰ ਖਿਡਾਰੀ ਸਾਵਰਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਖ਼ਿਆਲੀ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 28 ਕਿੱਲੋਗਰਾਮ ਵਰਗ ਦੀ ਕੁਸ਼ਤੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਸੋਨੇ ਦਾ ਤਗਮਾ ਜਿੱਤਿਆ ਹੈ | ਇਸ ਪ੍ਰਾਪਤੀ ਨਾਲ ਨਾ ਸਿਰਫ਼ ਸਕੂਲ ਦਾ ਮਾਣ ਵਧਿਆ ਹੈ ਸਗੋਂ ਪਿੰਡ ਖ਼ਿਆਲੀ ਅਤੇ ਪੂਰੇ ਬਲਾਕ ਮਹਿਲ ਕਲਾਂ ਦਾ ਵੀ ਨਾਮ ਰੌਸ਼ਨ ਹੋਇਆ ਹੈ | ਬੱਚੇ ਦੀ ਇਸ ਸਫਲਤਾ ਦਾ ਸਿਹਰਾ ਉਸ ਦੀ ਮਿਹਨਤ ਅਤੇ ਕੋਚ ਸ: ਗੁਰਦੀਪ ਸਿੰਘ ਦੀ ਅਗਵਾਈ ਨੂੰ ਜਾਂਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ | ਇਸ ਮੌਕੇ ਆਪ ਆਗੂ ਪਿ੍ਤਪਾਲ ਸਿੰਘ ਗਹਿਲ, ਪੰਚ ਜਗਰੂਪ ਸਿੰਘ ਸਿੱਧੂ, ਕਰਮਜੀਤ ਸਿੰਘ ਸਿੱਧੂ, ਸਮਾਜ ਸੇਵੀ ਲੱਖਾ ਖ਼ਿਆਲੀ, ਡਾ: ਬਲਦੀਪ ਸਿੰਘ, ਬਵਨ ਸਿੰਘ ਖ਼ਿਆਲੀ ਨੇ ਹੋਣਹਾਰ ਖਿਡਾਰੀ ਨੂੰ ਵਧਾਈ ਦਿੰਦਿਆਂ ਹੌਸਲਾ ਅਫ਼ਜਾਈ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਸਾਵਰਪ੍ਰੀਤ ਸਿੰਘ ਵਰਗੇ ਹੋਣਹਾਰ ਖਿਡਾਰੀ ਭਵਿੱਖ ਦਾ ਮਾਣ ਹੋਣਗੇ, ਸਖ਼ਤ ਮਿਹਨਤ ਨਾਲ ਕੀਤੀ ਮਾਣਮੱਤੀ ਪ੍ਰਾਪਤੀ ਹੋਰਾਂ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਸਰੋਤ ਬਣੇਗੀ |