18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਗਿੱਲ ਕੱਟੂ ਦੀ ਪੁਸਤਕ 'ਮੇਰੀਆਂ ਚੋਣਵੀਂਆਂ ਬੋਲੀਆਂ' 'ਤੇ ਗੋਸ਼ਟੀ ਕਰਵਾਈ

ਅਜੀਤ ਡੈਸਕ 20-10-2025
ਬਰਨਾਲਾ, 19 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਦੇ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਦੀ ਪੁਸਤਕ 'ਮੇਰੀਆਂ ਚੋਣਵੀਂਆਂ ਬੋਲੀਆਂ' 'ਤੇ ਗੋਸ਼ਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਕਰਵਾਈ ਗਈ | ਇਸ ਮੌਕੇ ਡਾ: ਭੁਪਿੰਦਰ ਸਿੰਘ ਬੇਦੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਗਿੱਲ ਨੇ ਬੋਲੀ ਕਾਵਿ ਵਿਚ ਵਿਲੱਖਣ ਵਿਸ਼ਿਆਂ ਨੂੰ ਚੁਣ ਕੇ ਆਪਣੀ ਵਿਲੱਖਣ ਸ਼ੈਲੀ ਨਾਲ ਪੰਜਾਬੀ ਲੋਕ ਸਾਹਿੱਤ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ | ਬਹਿਸ ਦਾ ਆਰੰਭ ਕਰਦਿਆਂ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਬੋਲੀਆਂ ਅਤੇ ਗਿੱਧਾ ਇਕ ਦੂਜੇ ਦੇ ਪੂਰਕ ਨੇ | ਇਨ੍ਹਾਂ ਦੇ ਸੁਮੇਲ ਨੇ ਹੀ ਇਸ ਕਾਵਿ ਵਿਧਾ ਨੂੰ ਸਜੀਵ ਰੱਖਿਆ ਹੈ | ਬੋਲੀ ਲੋਕ ਮਨ ਦੇ ਨੇੜਲੀਆਂ ਵਿਧਾਵਾਂ ਵਿਚ ਅਹਿਮ ਥਾਂ ਰੱਖਦੀ ਹੈ | ਸ਼ਾਇਰ ਤਰਸੇਮ ਨੇ ਕਿਹਾ ਕਿ ਬੋਲੀ ਵਿਧਾ ਲੋਕ ਧਾਰਾ ਦਾ ਅਨਿੱਖੜਵਾਂ ਅੰਗ ਹੈ | ਕੱਟੂ ਨੇ ਬੋਲੀ ਵਿਧਾ ਵਿਚ ਕਾਵਿ ਲਿਖ ਕੇ ਇਸ ਅਣਗੌਲੀ ਹੋ ਰਹੀ ਵਿਧਾ ਨੂੰ ਹੁਲਾਰਾ ਦਿੱਤਾ ਹੈ | ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਅÏਰਤਾਂ ਤੇ ਕੁੜੀਆਂ ਨੇ ਆਪਣੇ ਮਨੋਭਾਵਾਂ ਦੇ ਪ੍ਰਗਟਾ ਲਈ ਲੋਕ ਗੀਤ ਸਿਰਜੇ ਅਤੇ ਮਰਦਾਂ ਨੇ ਬੋਲੀਆਂ ਸਿਰਜੀਆਂ ਹਨ | ਕੱਟੂ ਨੇ ਆਪਣੀਆਂ ਬੋਲੀਆਂ ਵਿਚ ਵੱਖ-ਵੱਖ ਵਿਸ਼ਿਆਂ 'ਤੇ ਬੋਲੀਆਂ ਲਿਖ ਕੇ ਨਿਵੇਕਲੀ ਪਹਿਚਾਣ ਬਣਾਈ ਹੈ | ਡਾ: ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਕੱਟੂ ਨੇ ਮਨੁੱਖੀ ਭਾਵਨਾਵਾਂ ਦੇ ਨਾਲ-ਨਾਲ ਚੇਤਨਾ ਦਾ ਪ੍ਰਗਟਾਵਾ ਵੀ ਕੀਤਾ ਹੈ | ਉਸ ਨੂੰ ਵਿਸ਼ਿਆਂ ਦੀ ਬਹੁਲਤਾ ਵਧਾਉਣੀ ਚਾਹੀਦੀ ਹੈ | ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਕੱਟੂ ਦੀ ਇਹ ਪੁਸਤਕ ਉਸ ਦੇ ਕਾਵਿ ਵਿਕਾਸ ਦੀ ਸੂਚਕ ਹੈ | ਇਕਬਾਲ ਕੌਰ ਉਦਾਸੀ ਨੇ ਬੋਲੀਆਂ ਦੇ ਚੇਤਨਾ ਪੱਖ ਦੀ ਪ੍ਰਸ਼ੰਸਾ ਕੀਤੀ ਅਤੇ ਕਿਰਤ ਨੂੰ ਵਡਿਆਉਣ ਵਾਲੀਆਂ ਕਹਿੰਦਿਆਂ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਣ ਵਾਲੀਆਂ ਵੀ ਕਿਹਾ | ਕਹਾਣੀਕਾਰ ਦਰਸ਼ਨ ਸਿੰਘ ਗੁਰੂ ਨੇ ਕਿਹਾ ਕਿ ਕੱਟੂ ਦਾ ਸੁਭਾਅ ਭਾਵੇਂ ਸੰਗਾਊ ਹੈ ਪਰ ਬੋਲੀਆਂ ਹੱਕ ਸੱਚ ਦੇ ਹੱਕ ਵਿਚ ਗਰਜਵੇਂ ਰੂਪ ਵਿਚ ਪੇਸ਼ ਕਰਦਾ ਹੈ | ਸਮਾਗਮ ਦੌਰਾਨ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਦਾ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਸਨਮਾਨ ਕੀਤਾ ਗਿਆ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਗਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ, ਮੇਜਰ ਸਿੰਘ, ਬਲਵਿੰਦਰ ਸਿੰਘ ਠੀਕਰੀਵਾਲ, ਰਾਮ ਸਿੰਘ ਬੀਹਲਾ ਅਤੇ ਜਗਜੀਤ ਗੁਰਮ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ |
ਪਿਛਲੀ ਖ਼ਬਰ ਟਰੰਪ ਵਲੋਂ ਸਜ਼ਾ ਮੁਆਫ਼ੀ ਤੋਂ ਬਾਅਦ ਸਾਬਕਾ ਕਾਂਗਰਸ ਮੈਂਬਰ ਸੈਨਟੋਸ ਰਿਹਾਅ <br/> ਅਗਲੀ ਖ਼ਬਰ ਜੀ. ਐਨ. ਇੰਟਰਨੈਸ਼ਨਲ ਸਕੂਲ ਸੁਖਪੁਰਾ ਵਿਖੇ ਦੀਵਾਲੀ ਸੰਬੰਧੀ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।