12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੜਕਾਂ 'ਤੇ ਉੱਚੇ-ਨੀਵੇਂ ਸੀਵਰੇਜ ਮੇਨਹੋਲ ਸ਼ਹਿਰ ਵਾਸੀਆਂ ਲਈ ਬਣੇ ਦੁਬਿਧਾ, ਵਾਹਨਾਂ ਦਾ ਲੰਘਣਾ ਹੋਇਆ ਮੁਸ਼ਕਿਲ

ਅਜੀਤ ਡੈਸਕ 23-10-2025
ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਦੀਆਂ ਮੁੱਖ ਸੜਕਾਂ ਉੱਪਰ ਬਣੇ ਸੀਵਰੇਜ ਮੇਨਹੋਲ ਸੜਕ ਦੇ ਲੈਵਲ ਤੋਂ ਉੱਚੇ-ਨੀਵੇਂ ਹੋਣ ਕਾਰਨ ਦਿਨੋਂ ਦਿਨ ਵੱਡੀ ਦੁਬਿਧਾ ਬਣਦੇ ਜਾ ਰਹੇ ਹਨ | ਅਜਿਹੇ ਸੀਵਰੇਜ ਮੇਨਹੋਲਾਂ ਕਾਰਨ ਜਿੱਥੇ ਸੜਕਾਂ 'ਤੋਂ ਵਹੀਕਲਾਂ ਦੇ ਲੰਘਣ ਵਿਚ ਕਾਫ਼ੀ ਮੁਸ਼ਕਿਲ ਆ ਰਹੀ ਹੈ ਉੱਥੇ ਇਨ੍ਹਾਂ ਮੇਨਹੋਲਾਂ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਪਰ ਸੜਕਾਂ ਉੱਪਰੋਂ ਲੰਘਦੇ ਪ੍ਰਸ਼ਾਸਨਿਕ ਖ਼ਾਸਕਰ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ ਅਤੇ ਇਸੇ ਕਾਰਨ ਇਨ੍ਹਾਂ ਮੇਨਹੋਲਾਂ ਨੂੰ ਠੀਕ ਕਰਵਾਉਣ ਦੀ ਉਨ੍ਹਾਂ ਵਲੋਂ ਜ਼ਰੂਰਤ ਹੀ ਨਹੀਂ ਸਮਝੀ ਜਾ ਰਹੀ | ਸ਼ਹਿਰ ਦੇ ਕੱਚਾ ਕਾਲਜ ਰੋਡ, ਪੁਰਾਣਾ ਬਾਜ਼ਾਰ ਤੋਂ ਗੁਰਦੁਆਰਾ ਬਾਬਾ ਗਾਂਧਾ ਸਿੰਘ, ਜੰਡਾ ਵਾਲਾ ਰੋਡ, ਸੰਘੇੜਾ ਚੌਂਕ, ਸੰਘੇੜਾ ਰੋਡ, ਸਮੇਤ ਲਗਭਗ ਹਰ ਗਲੀ-ਮੁਹੱਲੇ ਵਿਚ ਸੜਕ ਨਾਲੋਂ ਕਾਫ਼ੀ ਨੀਵੇਂ ਜਾਂ ਉੱਚੇ ਮੇਨਹੋਲ ਆਮ ਹੀ ਦੇਖੇ ਜਾ ਸਕਦੇ ਹਨ | ਲੇਕਿਨ ਇਨ੍ਹਾਂ ਸੜਕਾਂ ਉੱਪਰ ਬਹੁਤ ਜ਼ਿਆਦਾ ਟਰੈਫ਼ਿਕ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਆਪਣੇ ਵਾਹਨ ਸੜਕਾਂ ਨਾਲੋਂ ਉੱਚੇ ਜਾਂ ਨੀਵੇਂ ਮੇਨਹੋਲਾਂ ਵਿਚੋਂ ਕੱਢਣ ਲਈ ਮਜਬੂਰਨ ਹੋਣਾ ਪੈ ਰਿਹਾ ਹੈ | ਇਨ੍ਹਾਂ ਸੜਕ 'ਤੇ ਸਥਿਤ ਕੁੱਝ ਦੁਕਾਨਦਾਰਾਂ ਅਤੇ ਲੋਕਾਂ ਨੇ ਦੱਸਿਆ ਕਿ ਮੇਨਹੋਲ ਸਹੀ ਨਾ ਹੋਣ ਕਾਰਨ ਕੁੱਝ ਰਾਹਗੀਰ ਆਪਣੇ ਵਾਹਨਾਂ ਨੂੰ ਕੱਢਣ ਸਮੇਂ ਡਿਗ ਵੀ ਚੁੱਕੇ ਹਨ | ਜਿਨ੍ਹਾਂ ਦੇ ਭਾਵੇਂ ਗੰਭੀਰ ਸੱਟਾਂ ਨਹੀਂ ਲੱਗੀਆਂ ਪਰ ਜੇਕਰ ਸਮੇਂ ਰਹਿੰਦੇ ਇਨ੍ਹਾਂ ਨੂੰ ਠੀਕ ਨਾ ਕੀਤਾ ਗਿਆ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਜ਼ੰੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਸੜਕਾਂ ਬਣਾਉਣ ਸਮੇਂ ਸੀਵਰੇਜ ਮੇਨਹੋਲਾਂ ਕੋਈ ਲੈਵਲ ਨਹੀਂ ਕੀਤਾ ਜਾਂਦਾ ਅਤੇ ਇਸੇ ਕਾਰਨ ਹੀ ਮੇਨਹੋਲ ਸੜਕਾਂ ਤੋਂ ਕਾਫ਼ੀ ਨੀਵੇਂ ਜਾਂ ਉੱਚੇ ਰਹਿ ਜਾਂਦੇ ਹਨ ਲੇਕਿਨ ਬਾਅਦ ਵਿਚ ਇਨ੍ਹਾਂ ਦਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸੜਕਾਂ ਉੱਪਰ ਛੋਟੇ-ਵੱਡੇ ਵਾਹਨਾਂ ਦੀ ਆਵਾਜਾਈ ਵੀ ਬਹੁਤ ਜ਼ਿਆਦਾ ਹੋ ਗਈ ਹੈ | ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਜਿਨ੍ਹਾਂ ਸੜਕਾਂ ਉੱਪਰ ਸੀਵਰੇਜ ਮੇਨਹੋਲਾਂ ਦਾ ਲੈਵਲ ਸਹੀ ਨਹੀਂ ਹੈ, ਜਿਨ੍ਹਾਂ ਨੂੰ ਤੁਰੰਤ ਸਹੀ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿਚ ਇਨ੍ਹਾਂ ਕਾਰਨ ਹੋਣ ਵਾਲੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਦੀਵਾਲੀ ਦੀ ਰਾਤ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ 'ਚ ਮੌਤ, ਦੋ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦਵਾਈ ਦੀ ਡਬਲ ਡੋਜ਼ ਲੈਣ ਨਾਲ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।