ਸ਼ਹਿਣਾ, 22 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬੀਕਾਨੇਰ ਮਿਸ਼ਠਾਨ ਭੰਡਾਰ ਦੇ ਨਾਂਅ 'ਤੇ ਚੱਲ ਰਹੀ ਮਠਿਆਈਆਂ ਦੀ ਦੁਕਾਨ ਦੇ ਅੱਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਵਿਚ ਘਟੀਆ ਮਠਿਆਈ ਦੇਣ ਦੇ ਦੋਸ਼ ਵਿਚ ਕੁੱਝ ਸਮੇਂ ਲਈ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਲਾਕੇ ਵਿਚ ਘਟੀਆ ਮਠਿਆਈ ਦੁਕਾਨਦਾਰਾਂ ਵਲੋਂ ਵੇਚੇ ਜਾਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਪਰ ਸਿਹਤ ਵਿਭਾਗ ਦੀ ਅੱਖ ਨਹੀਂ ਖੁੱਲ੍ਹੀ | ਅੱਜ ਦੇ ਧਰਨੇ ਦੀ ਅਗਵਾਈ ਕਰ ਰਹੇ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕਿਹਾ ਕਿ ਸ਼ਹਿਣਾ ਦੇ ਧਾਰਮਿਕ ਸਥਾਨ ਬਾਬਾ ਫਲਗੂ ਦਾਸ ਦੀਆਂ ਸਮਾਧਾਂ 'ਤੇ ਪ੍ਰਬੰਧਕਾਂ ਵਲੋਂ ਬੀਕਾਨੇਰ ਮਿਸ਼ਠਾਨ ਭੰਡਾਰ ਤੋਂ 5 ਡੱਬੇ ਲੱਡੂਆਂ ਦੇ ਮੰਗਵਾਏ ਗਏ ਸਨ, ਜਦਕਿ ਉਕਤ ਡੱਬੇ ਪ੍ਰਬੰਧਕਾਂ ਨੇ ਵਰਤਾਉਣੇ ਚਾਹੇ, ਤਾਂ ਡੱਬਿਆਂ ਨੂੰ ਖੋਲ੍ਹਣ ਉਪਰੰਤ ਪਤਾ ਲੱਗਾ ਕਿ ਲੱਡੂਆਂ ਨੂੰ ੳੱੁਲੀ ਲੱਗੀ ਹੋਈ ਸੀ ਅਤੇ ਬਦਬੂ ਮਾਰ ਰਹੀ ਸੀ | ਬੀਕਾਨੇਰ ਮਿਸ਼ਠਾਨ ਭੰਡਾਰ 'ਤੇ ਜਦ ਉਹ ਵਾਪਸ ਕਰਨ ਆਏ ਤਾਂ ਉਨ੍ਹਾਂ ਕੋਈ ਗੱਲ ਨਹੀਂ ਸੁਣੀ ਤਾਂ ਕਿਸਾਨ ਯੂਨੀਅਨ ਨੇ ਰੋਸ ਵਜੋਂ ਧਰਨਾ ਦਿੱਤਾ | ਇਸ ਮੌਕੇ ਗੁਰਜੰਟ ਸਿੰਘ ਬਦਰੇ ਵਾਲਾ ਇਕਾਈ ਪ੍ਰਧਾਨ, ਜਗਤਾਰ ਸਿੰਘ ਝੱਜ, ਕੁਲਵੰਤ ਸਿੰਘ ਚੰੂਘਾ, ਪ੍ਰਭਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਰਮਨ ਸਿੰਘ ਵਪਾਰੀ, ਕੁਲਦੀਪ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਕੱੁਕੀ, ਧੰਨਾ ਸਿੰਘ ਚੰੂਘਾ, ਕਾਕਾ ਸਿੰਘ, ਸਵਰਨਜੀਤ ਸਿੰਘ ਸਾਬਕਾ ਪੰਚ ਆਦਿ ਵੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਬਾਅਦ ਵਿਚ ਬੀਕਾਨੇਰ ਮਿਸ਼ਠਾਨ ਭੰਡਾਰ ਦੇ ਪ੍ਰਬੰਧਕਾਂ ਵਲੋਂ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦਾ ਲਿਖਤੀ ਵਾਅਦਾ ਕੀਤਾ ਜਿਸ 'ਤੇ ਧਰਨਾ ਖ਼ਤਮ ਕਰ ਦਿੱਤਾ ਗਿਆ |