ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਪਿੰਡ ਪੰਧੇਰ ਦੇ ਕੋਪਰੇਟਿਵ ਸੋਸਾਇਟੀ ਦੇ ਮੌਜੂਦਾ ਪ੍ਰਧਾਨ ਮੱਘਰ ਸਿੰਘ ਪੁੱਤਰ ਭਾਗ ਸਿੰਘ ਨੂੰ ਪਿੰਡ ਦੇ ਨੌਜਵਾਨਾ ਨੇ ਹਥਿਆਰਾਂ ਦੀ ਸਹਾਇਤਾ ਨਾਲ ਜ਼ਖਮੀ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਦੇਸੂ ਪੱਤੀ ਦੇ ਰਹਿਣ ਵਾਲੇ ਮੱਘਰ ਸਿੰਘ ਆਪਣੇ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਕੁਝ ਨੌਜਵਾਨ ਪਟਾਕੇ ਚਲਾ ਰਹੇ ਸਨ | ਮੱਘਰ ਸਿੰਘ ਨੇ ਨੌਜਵਾਨਾਂ ਨੂੰ ਇਹ ਕਹਿ ਕੇ ਪਟਾਖੇ ਚਲਾਉਣ ਤੋਂ ਰੋਕਣ ਦਾ ਯਤਨ ਕੀਤਾ ਕਿ ਪਿੰਡ ਵਿਚ ਕਿਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ | ਇਸ ਕਰ ਕੇ ਪਿੰਡ ਗਮਗੀਨ ਮਾਹੌਲ ਵਿਚ ਹੈ, ਪਟਾਕੇ ਨਾ ਚਲਾਏ ਜਾਣ | ਇਸ ਗੱਲ ਦੇ ਰੋਸ ਵਜੋਂ 35-40 ਦੇ ਕਰੀਬ ਨੌਜਵਾਨ ਮੱਘਰ ਸਿੰਘ 'ਤੇ ਟੁੱਟ ਪਏ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ | ਜਖਮੀ ਮੱਘਰ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਇਹ ਪਤਾ ਲੱਗਾ ਕਿ ਉਨ੍ਹਾਂ ਦੀ ਖੋਪੜੀ ਚਕਣਾਚੂਰ ਕਰ ਦਿੱਤੀ ਗਈ ਹੈ | ਇਸ ਮਾਮਲੇ ਵਿਚ ਧਨੌਲਾ ਪੁਲਿਸ ਨੇ ਲਵਪ੍ਰੀਤ ਸਿੰਘ ਪੁੱਤਰ ਤਾਰਾ ਸਿੰਘ, ਬਲਕਾਰ ਸਿੰਘ ਪੁੱਤਰ ਜੱਗਾ ਸਿੰਘ, ਬਲਦੇਵ ਸਿੰਘ ਪੁੱਤਰ ਬੰਤ ਸਿੰਘ ਅਤੇ ਪਤਲੂ ਪੁੱਤਰ ਬਬਲਾ ਸਿੰਘ ਸਾਰੇ ਵਾਸੀ ਪੰਧੇਰ ਵਿਰੁੱਧ ਇਰਾਦਾ ਕਤਲ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |