ਟੱਲੇਵਾਲ, 23 ਅਕਤੂਬਰ (ਸੋਨੀ ਚੀਮਾ)-ਪਿੰਡ ਵਿਧਾਤੇ ਵਿਖੇ ਅੱਜ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪਿੰਡ ਦੇ ਵਾਟਰ ਵਰਕਸ ਤੋਂ ਪਿਛਲੇ ਇਕ ਹਫ਼ਤੇ ਦੇ ਕਰੀਬ ਪਾਣੀ ਨਾ ਛੱਡੇ ਜਾਣ ਕਾਰਨ ਰੋਹ ਵਿਚ ਆਏ ਪਿੰਡ ਵਾਸੀ ਅੱਜ ਵਾਟਰ ਵਰਕਸ 'ਤੇ ਚੜ੍ਹ ਗਏ, ਜਿਨ੍ਹਾਂ ਵਲੋਂ ਪੰਚਾਇਤ ਅਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਯਮਲਾ ਸਿੰਘ, ਕੇਵਲ ਸਿੰਘ, ਸੇਮਾ ਸਿੰਘ, ਅੰਗਰੇਜ਼ ਸਿੰਘ, ਗੁਰਦੀਪ ਸਿੰਘ, ਕਰਮਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਨੇ ਦੱਸਿਆ ਕਿ ਉਕਤ ਵਾਟਰ ਵਰਕਸ ਜੋ ਕਿ ਪੰਚਾਇਤ ਨੇ ਮਤਾ ਪਵਾ ਕੇ ਵਿਭਾਗ ਤੋਂ ਚਾਰਜ ਆਪਣੇ ਹੱਥੀ ਲੈ ਲਿਆ ਸੀ, ਪਰ ਪਿਛਲੇ ਸਮੇਂ ਤੋਂ ਹੀ ਪਾਣੀ ਸਪਲਾਈ ਲਈ ਅੜਿੱਕੇ ਆ ਰਹੇ ਹਨ ਅਤੇ ਹੁਣ ਪਿਛਲੇ 5 ਦਿਨਾਂ ਤੋਂ ਉਕਤ ਵਾਟਰ ਵਰਕਸ ਦੀ ਮੋਟਰ ਮੱਚ ਚੱੁਕੀ ਹੈ, ਪਰ ਚਾਰਜ ਸੰਭਾਲਣ ਵਾਲੀ ਪੰਚਾਇਤ ਵਲੋਂ ਉਕਤ ਸਮੱਸਿਆ ਸਬੰਧੀ ਕੋਈ ਯਤਨ ਨਹੀਂ ਕੀਤੇ ਜਾ ਰਹੇ ਅਤੇ ਪਿੰਡ ਦੇ ਢਾਈ ਸੋ ਦੇ ਕਰੀਬ ਖਪਤਕਾਰ ਦੁਖੀ ਹਨ ਅਤੇ ਪੀਣ ਵਾਲੇ ਪਾਣੀ ਤੋਂ ਇਲਾਵਾ ਪਸ਼ੂਆਂ ਆਦਿ ਪਾਣੀ ਨਹੀਂ ਵੀ ਉਨ੍ਹਾਂ ਸਬਮਰਸੀਬਲ ਮੋਟਰਾਂ ਵਾਲੇ ਘਰਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ | ਜਿਸ ਦੇ ਰੋਸ ਦੇ ਚੱਲਦਿਆਂ ਉਨ੍ਹਾਂ ਨੂੰ ਉਕਤ ਵਾਟਰ ਵਰਕਸ 'ਤੇ ਚੜ੍ਹਨਾ ਪਿਆ | ਇਸ ਮੌਕੇ ਕੁਲਦੀਪ ਸਿੰਘ ਐਸ.ਡੀ.ਓ ਵਾਟਰ ਸਪਲਾਈ ਵਿਭਾਗ ਨੇ ਦੱਸਿਆ ਕਿ ਉਕਤ ਵਾਟਰ ਵਰਕਸ ਦਾ ਚਾਰਜ ਪੰਚਾਇਤ ਵਲੋਂ ਮਤਾ ਪਾ ਕੇ ਵਿਭਾਗ ਤੋਂ ਲਿਆ ਗਿਆ ਸੀ | ਜਿਸ ਦੇ ਚੱਲਦਿਆਂ ਸਾਰਾ ਕਾਰਜ ਪੰਚਾਇਤ ਦੇਖਣਾ ਹੁੰਦਾ ਹੈ, ਪਰ ਉਕਤ ਮਾਮਲੇ ਸਬੰਧੀ ਵਿਭਾਗ ਅਤੇ ਪੰਚਾਇਤ ਨੇ ਹੱਲ ਕਰਦਿਆਂ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿਚੋਂ ਵਾਟਰ ਵਰਕਸ ਦੀ ਮੋਟਰ ਪਵਾ ਦਿੱਤੀ ਜਾਵੇਗੀ | ਜਿਸ ਦਾ ਕਾਰਜ ਅੱਜ ਹੀ ਸ਼ੁਰੂ ਕਰ ਦਿੱਤਾ ਜਾਵੇਗਾ |