ਧੂਰੀ, 25 ਨਵੰਬਰ (ਸੁਖਵੰਤ ਸਿੰਘ ਭੁੱਲਰ, ਲਖਵੀਰ ਸਿੰਘ ਧਾਂਦਰਾ)-ਹਲਕੇ ਦੀਆਂ ਮੰਗਾਂ ਤੇ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਤੱਤਪਰ 'ਧੂਰੀ ਵਿਕਾਸ ਮੰਚ ਧੂਰੀ' ਦੇ ਚੇਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ, ਉਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਸਕੱਤਰ ਹੰਸ ਰਾਜ ਬਜਾਜ ਅਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਮੰਚ ਦੇ ਵਫ਼ਦ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਹਲਕੇ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਸੀ, ਉੱਥੇ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੌਂਪੇ ਮੰਗ ਪੱਤਰ 'ਚ ਬੱਸ ਸਟੈਂਡ ਦੀ ਉਸਾਰੀ ਸਥਾਨਕ ਫੂਡ ਸਪਲਾਈ ਗੁਦਾਮਾਂ ਅੰਦਰ ਸ਼ੁਰੂ ਕਰਵਾਉਣ ਅਤੇ ਪੁਰਾਣੇ ਓਵਰ ਬਰਿੱਜ ਨੂੰ ਸੰਗਰੂਰ ਬਾਈਪਾਸ ਤੱਕ ਵਧਾਉਣ ਦੀ ਮੰਗ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਕੱਕੜਵਾਲ ਚੌਂਕ 'ਚ ਚਿੱਟਾ ਹਾਥੀ ਬਣੀਆਂ ਟਰੈਫ਼ਿਕ ਲਾਈਟਾਂ ਨੂੰ ਚਲਾਉਣ ਲਈ ਮੰਚ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਪੱਤਰ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਸੰਗਰੂਰ ਨੂੰ ਪ੍ਰਾਪਤ ਹੋ ਚੁੱਕਾ ਹੈ | ਆਗੂਆਂ ਨੇ ਜਿੱਥੇ ਬੀਤੇ ਦਿਨੀਂ ਧੂਰੀ ਦੌਰੇ 'ਤੇ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਵਾਉਣ ਲਈ 17 ਡਾਕਟਰਾਂ ਦੀ ਨਿਯੁਕਤੀ ਕਰਨ ਦੇ ਦਿੱਤੇ ਬਿਆਨ ਦਾ ਸਵਾਗਤ ਕੀਤਾ, ਉੱਥੇ ਸਿਵਲ ਹਸਪਤਾਲ 'ਚ ਡਾਇਲਸਿਜ ਮਸ਼ੀਨ ਸਥਾਪਤ ਕਰਨ, ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਸਥਿਤ ਫੂਡ ਸਪਲਾਈ ਦੇ ਗੁਦਾਮਾਂ ਵਾਲੀ ਜਗ੍ਹਾ 'ਚ ਨਵਾਂ ਆਧੁਨਿਕ ਸਹੂਲਤਾਂ ਵਾਲਾ ਬੱਸ ਸਟੈਂਡ ਬਣਾਉਣ , ਹਾਦਸਿਆਂ ਨੂੰ ਠੱਲ੍ਹਣ ਲਈ ਮਲੇਰਕੋਟਲਾ ਤੋਂ ਸੰਗਰੂਰ ਤੱਕ ਰਾਜ ਮਾਰਗ' ਤੇ ਡਿਵਾਈਡਰ ਬਣਾਉਣ, ਧੂਰੀ-ਬਰਨਾਲਾ ਬਾਇਆ ਸੇਖਾ ਅਤੇ ਧੂਰੀ-ਨਾਭਾ ਬਾਇਆ ਛੀਟਾਂਵਾਲਾ ਸੜਕ ਨੂੰ 24 ਫੁੱਟ ਚੌੜੀ ਕਰਨ , ਪੁਰਾਣੇ ਓਵਰ ਬਰਿੱਜ ਨੂੰ ਸੰਗਰੂਰ ਬਾਈਪਾਸ ਤੱਕ ਵਧਾਉਣ, ਬੱਬਨਪੁਰ ਨਹਿਰ ਦੇ ਪੁਲ ਤੋਂ ਜੌੜੇ ਪੁਲਾਂ ਤੱਕ ਨਹਿਰ ਕਿਨਾਰੇ ਸੜਕ ਬਣਾਉਣ ਅਤੇ ਸਥਾਨਕ ਡਾਕਘਰ ਵਿਖੇ ਪਾਸਪੋਰਟ ਸੇਵਾ ਕੇਂਦਰ ਬਣਾਉਣ ਸਮੇਤ ਹੋਰ ਮੰਗਾਂ ਨੂੰ ਜਲਦੀ ਅਮਲੀ ਜਾਮਾ ਪਹਿਨਾਉਣ ਦੀ ਮੰਗ ਕੀਤੀ ਹੈ |