ਬਰਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਵਿਚ ਭਾਜਪਾ ਦੀ ਦਿਨੋਂ ਦਿਨ ਵੱਧ ਰਹੀ ਹਰਮਨਪਿਆਰਤਾ ਵਿਰੋਧੀ ਪਾਰਟੀਆਂ ਖ਼ਾਸ ਕਰ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹਜ਼ਮ ਨਹੀਂ ਆ ਰਹੀ ਅਤੇ ਇਸੇ ਕਾਰਨ ਉਹ ਬਿਨਾਂ ਵਜ੍ਹਾ ਭਾਜਪਾ ਖ਼ਿਲਾਫ਼ ਝੂਠਾ ਪ੍ਰਚਾਰ ਕਰ ਕੇ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ | ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ, ਪੰਜਾਬ ਦਾ ਸੀ ਅਤੇ ਪੰਜਾਬ ਦਾ ਹੀ ਰਹੇਗਾ | ਪੰਜਾਬ ਭਾਜਪਾ ਦਾ ਹਰ ਇਕ ਆਗੂ ਅਤੇ ਵਰਕਰ ਪੰਜਾਬ ਦੇ ਹੱਕਾਂ ਦੀ ਡਟ ਕੇ ਰਾਖੀ ਕਰੇਗਾ | ਉਨ੍ਹਾਂ ਕਿਹਾ ਕਿ ਬਿਹਾਰ ਵਿਚ ਭਾਜਪਾ ਦੀ ਹੋਈ ਰਿਕਾਰਡ ਤੋੜ ਜਿੱਤ ਨੇ ਵਿਰੋਧੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਅਤੇ ਇਹ ਸਾਰੀਆਂ ਪਾਰਟੀਆਂ ਘਬਰਾਹਟ ਵਿਚ ਹਨ ਕਿ ਕਿਤੇ ਭਾਜਪਾ ਪੰਜਾਬ ਵਿਚ 2027 ਵਿਚ ਸਰਕਾਰ ਨਾ ਬਣਾ ਲਵੇ | ਪਰ ਪੰਜਾਬ ਦੇ ਲੋਕਾਂ ਨੇ ਹੁਣ ਆਪਣਾ ਮਨ ਭਾਜਪਾ ਦੇ ਹੱਕ ਵਿਚ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ 2027 ਵਿਚ ਪੰਜ ਸਾਲ ਲਈ ਭਾਜਪਾ ਨੂੰ ਇਕ ਮੌਕਾ ਦਿੱਤਾ ਜਾਵੇ | ਉਨ੍ਹਾਂ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰਾਂ ਦੇ ਝੂਠੇ ਪ੍ਰਚਾਰ ਨੂੰ ਅੱਖੋਂ ਪਰੋਖੇ ਕਰ ਕੇ ਪੰਜਾਬ ਦੇ ਵੱਡੇ ਹਿਤਾਂ ਲਈ ਸੂਬੇ ਵਿਚ ਭਾਜਪਾ ਨੂੰ ਅੱਗੇ ਲੈ ਕੇ ਆਉਣ ਤਾਂ ਕਿ ਕੇਂਦਰ ਦੀ ਭਾਜਪਾ ਸਰਕਾਰ ਤੋਂ ਵੱਧ ਤੋਂ ਵੱਧ ਮਦਦ ਲਿਆ ਕੇ ਪੰਜਾਬ ਨੂੰ ਸਹੀ ਦਿਸ਼ਾ ਅਤੇ ਤਰੱਕੀ ਦੇ ਰਾਹ 'ਤੇ ਤੋਰਿਆ ਜਾ ਸਕੇ |