06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਛੁੱਟੀਆਂ ਨੂੰ ਮਜ਼ੇਦਾਰ ਕਿਵੇਂ ਬਣਾਇਆ ਜਾਵੇ?

ਅਜੀਤ ਡੈਸਕ 19-06-2025

ਛੋਟੇ ਬੱਚੇ ਅਕਸਰ ਰੰਗਾਂ ਨਾਲ ਬਹੁਤ ਖ਼ੁਸ਼ ਹੁੰਦੇ ਅਤੇ ਮਸਤੀ ਕਰਦੇ ਹਨ। ਉਨ੍ਹਾਂ ਨੂੰ ਡਰਾਇੰਗ ਦਾ ਕੰਮ ਦਿੱਤਾ ਜਾ ਸਕਦਾ ਹੈ, ਜਿਸ 'ਤੇ ਉਹ ਆਪਣੀਆਂ ਕਲਾਕ੍ਰਿਤੀਆਂ ਦਾ ਪ੍ਰਗਟਾਵਾ ਕਰ ਸਕਣ। ਇਸ ਨਾਲ ਉਹ ਕੰਮ ਵਿਚ ਤਾਂ ਰੁੱਝੇ ਰਹਿਣਗੇ ਹੀ ਨਾਲ-ਨਾਲ ਉਨ੍ਹਾਂ ਵਿਚ ਸੁਹਜਾਤਮਿਕ ਗੁਣ ਵੀ ਵਿਕਸਿਤ ਹੋਵੇਗਾ।
ਪੜ੍ਹਾਈ ਤੋਂ ਹਟ ਕੇ ਉਨ੍ਹਾਂ ਨੂੰ ਕੁਝ ਘਰੇਲੂ ਕੰਮਾਂ ਵਿਚ ਵੀ ਲਗਾਉਣਾ ਚਾਹੀਦਾ ਹੈ। ਛੋਟੇ-ਛੋਟੇ ਕੰਮ ਜੋ ਉਹ ਆਸਾਨੀ ਅਤੇ ਸੁਰੱਖਿਅਤ ਤੌਰ 'ਤੇ ਕਰ ਸਕਣ ਜਿਵੇਂ ਘਰ ਦੀ ਬਗ਼ੀਚੀ ਦਾ ਕੰਮ, ਘਰ ਦੀ ਸਜਾਵਟ ਅਤੇ ਸਫ਼ਾਈ ਆਦਿ ਦਾ ਕੰਮ।
ਜਿਹੜੇ ਬੱਚੇ ਵੱਡੇ ਹਨ, ਉਹ ਆਪਣਾ ਹੁਨਰ ਹੋਰ ਕੰਮਾਂ ਨੂੰ ਕਰਕੇ ਨਿਖਾਰ ਸਕਦੇ ਹਨ ਜਿਵੇਂ ਪੇਂਟਿੰਗ, ਸਿਲਾਈ, ਕਢਾਈ ਜਾਂ ਕੋਈ ਸਜਾਵਟੀ ਚੀਜ਼ਾਂ ਬਣਾਉਣ ਲਈ ਸਮਾਂ ਦੇਣ।
ਬੱਚਿਆਂ ਨੂੰ ਕਲੇਅ ਜਾਂ ਚੀਕਣੀ ਮਿੱਟੀ ਨਾਲ ਵਸਤਾਂ ਬਣਾਉਣ ਲਈ ਦਿੱਤੀਆਂ ਜਾ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਅਤੇ ਉਨ੍ਹਾਂ ਵਿਚ ਕੁਝ ਸਿਰਜਣ ਦੀ ਵੀ ਰੁਚੀ ਪੈਦਾ ਹੋਵੇਗੀ।
ਛੁੱਟੀਆਂ ਵਿਚ ਬੱਚਿਆਂ ਨੂੰ ਕੁਝ ਸਮਾਂ ਖਾਣ ਵਾਲੀਆਂ ਚੀਜ਼ਾਂ ਬਣਾਉਣ ਲਈ ਦੇਣਾ ਚਾਹੀਦਾ ਹੈ, ਜਿਵੇਂ ਸਲਾਦ ਸਜਾਉਣਾ, ਸ਼ਰਬਤ ਬਣਾਉਣਾ, ਕੇਕ ਜਾਂ ਆਈਸਕ੍ਰੀਮ ਆਦਿ ਬਣਾਉਣਾ ਆਦਿ।
ਬੱਚੇ ਛੁੱਟੀਆਂ ਵਿਚ ਕਾਫ਼ੀ ਸਮੇਂ ਬਾਅਦ ਨਾਨਕੇ, ਭੂਆ ਜਾਂ ਮਾਸੀ ਦੇ ਘਰ ਇਕੱਠੇ ਹੁੰਦੇ ਹਨ। ਉਹ ਇਕੱਠੇ ਹੋ ਕੇ ਕੁਝ ਦੇਸੀ ਖੇਡਾਂ ਜਿਵੇਂ ਪਿੱਠੂ ਸੇਕਣਾ, ਬਾਰ੍ਹਾਂ ਟਾਹਣੀ, ਲੁੱਡੋ, ਲੁਕਣਮੀਟੀ, ਸਟਾਪੂ ਆਦਿ ਖੇਡ ਕੇ ਆਪਣਾ ਮਨੋਰੰਜਨ ਕਰ ਸਕਦੇ ਹਨ।
ਛੁੱਟੀਆਂ ਦਾ ਫ਼ਾਇਦਾ ਲੈਂਦੇ ਹੋਏ ਬੱਚੇ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਕਸਰਤ, ਯੋਗਾ, ਡਾਂਸ ਆਦਿ ਦੀ ਪ੍ਰੈਕਟਿਸ ਵੀ ਘਰ ਜਾਂ ਕਿਸੇ ਕੋਚਿੰਗ ਸੈਂਟਰ ਵਿਚ ਕਰ ਸਕਦੇ ਹਨ।
ਮਾਪੇ ਬੱਚਿਆਂ ਨੂੰ ਅਖ਼ਬਾਰ ਜਾਂ ਕਿਤਾਬਾਂ ਤੋਂ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ, ਕਵਿਤਾਵਾਂ ਅਤੇ ਹੋਰ ਰੌਚਕ ਸਮੱਗਰੀ ਪੜ੍ਹਨ ਲਈ ਵੀ ਪ੍ਰੇਰਿਤ ਕਰ ਸਕਦੇ ਹਨ।
ਬੱਚਿਆਂ ਨੂੰ ਵਾਤਾਵਰਨ ਪ੍ਰਤੀ ਸੁਹਿਰਦ ਹੋਣ ਲਈ ਉਨ੍ਹਾਂ ਤੋਂ ਨਵੇਂ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਵਿਚ ਵਾਤਾਵਰਨ ਦੀ ਸਾਂਭ-ਸੰਭਾਲ ਦੀ ਆਦਤ ਵਿਕਸਿਤ ਹੋਵੇਗੀ।
ਮਾਪੇ ਆਪਣੀ ਸਹੂਲਤ ਮੁਤਾਬਕ ਬੱਚਿਆਂ ਦੇ ਮਨੋਰੰਜਨ ਅਤੇ ਜਾਣਕਾਰੀ ਦੇ ਵਾਧੇ ਲਈ ਕਿਸੇ ਮਿਊਜ਼ੀਅਮ, ਪਾਰਕ, ਇਤਿਹਾਸਕ ਜਾਂ ਧਾਰਮਿਕ ਥਾਵਾਂ ਦੀ ਸੈਰ ਕਰਵਾ ਸਕਦੇ ਹਨ, ਤਾਂ ਜੋ ਵਿਦਿਆਰਥੀ ਜੋ ਕਿਤਾਬਾਂ ਵਿਚ ਪੜ੍ਹਦੇ ਹਨ, ਉਸ ਬਾਰੇ ਉਨ੍ਹਾਂ ਨੂੰ ਪ੍ਰੈਕਟੀਕਲ ਤੌਰ 'ਤੇ ਜਾਣਕਾਰੀ ਪ੍ਰਾਪਤ ਹੋ ਸਕੇ।
ਕਈ ਬੱਚੇ ਸ਼ਹਿਰਾਂ ਵਿਚ ਰਹਿੰਦੇ ਹਨ। ਪੇਂਡੂ ਜੀਵਨ ਤੋਂ ਅਨਜਾਣ ਹੁੰਦੇ ਹਨ। ਜੇ ਹੋ ਸਕੇ ਤਾਂ ਉਨ੍ਹਾਂ ਨੂੰ ਪਿੰਡਾਂ ਵਿਚ ਰਹਿੰਦੇ ਰਿਸ਼ਤੇਦਾਰਾਂ ਕੋਲ ਲਿਜਾ ਕੇ ਖੇਤਾਂ ਵਿਚ ਹੋਣ ਵਾਲੀਆਂ ਵੱਖ-ਵੱਖ ਫਸਲਾਂ ਦੀ ਅਤੇ ਦਰੱਖਤਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਨਾਲ ਬੱਚੇ ਬਹੁਤ ਖੁਸ਼ ਵੀ ਹੁੰਦੇ ਹਨ ਅਤੇ ਉਨ੍ਹਾਂ ਦੀ ਜਾਣਕਾਰੀ ਵਿਚ ਵੀ ਵਾਧਾ ਹੁੰਦਾ ਹੈ।
ਇਨ੍ਹਾਂ ਗਤੀਵਿਧੀਆਂ ਤੋਂ ਇਲਾਵਾ ਮਾਪੇ ਆਪਣੇ ਬੱਚਿਆਂ ਦੀ ਰੁਚੀ ਮੁਤਾਬਿਕ ਹੋਰ ਵੀ ਅਨੇਕਾਂ ਅਜਿਹੇ ਕੰਮ ਛੁੱਟੀਆਂ ਵਿਚ ਕਰਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਸਿੱਖਣ ਦੇ ਨਾਲ-ਨਾਲ ਮਨੋਰੰਜਨ ਵੀ ਹੋਵੇ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਪਿਆਰ, ਮਿਲਵਰਤਨ, ਸਹਿਯੋਗ, ਸਾਂਝੀਵਾਲਤਾ ਆਦਿ ਗੁਣ ਵੀ ਵਿਕਸਿਤ ਹੁੰਦੇ ਹਨ। ਇਸ ਨਾਲ ਉਹ ਮੋਬਾਈਲ ਫੋਨਾਂ 'ਤੇ ਬੇਫਜ਼ੂਲ ਸਮੇਂ ਦੀ ਬਰਬਾਦੀ ਤੋਂ ਵੀ ਬਚ ਸਕਦੇ ਹਨ।

-ਆਦਮਵਾਲ ਗੜ੍ਹੀ (ਹੁਸ਼ਿਆਰਪੁਰ)।
ਮੋਬਾਈਲ : 9464288784

ਪਿਛਲੀ ਖ਼ਬਰ ਛੁੱਟੀਆਂ 'ਚ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰੋ ਅਗਲੀ ਖ਼ਬਰ ਪੁਲਿਸ ਨੇ ਮੋਟਰਸਾਈਕਲ ਚੋਰ ਗਰੋਹ ਕੀਤਾ ਕਾਬੂ , 9 ਮੋਟਰਸਾਈਕਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।