06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਛੁੱਟੀਆਂ 'ਚ ਬੱਚਿਆਂ ਨੂੰ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕਰੋ

ਅਜੀਤ ਡੈਸਕ 19-06-2025

ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਨੂੰ ਹੇਠ ਲਿਖੀਆਂ ਰਚਨਾਤਮਿਕ ਗਤੀਵਿਧੀਆਂ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ:-
ਪੇਂਟਿੰਗ ਅਤੇ ਕਰਾਫਟ ਕਰਨਾ: ਬੱਚਿਆਂ ਦੇ ਪੇਂਟਿੰਗ ਅਤੇ ਕਰਾਫਟ ਦੇ ਹੁਨਰ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਨਿਖਾਰਿਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਿਲਾਈ, ਕਢਾਈ, ਬਟਨ ਲਗਾਉਣਾ, ਤਰਪਾਈ ਕਰਨਾ ਆਦਿ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਬੱਚੇ ਸਾਦੀ ਸਿਲਾਈ, ਕੱਪੜੇ ਦੇ ਟੁਕੜਿਆਂ ਤੋਂ ਮੇਜ਼ਪੋਸ਼ ਤਿਆਰ ਕਰਨਾ, ਪੁਰਾਣੀਆਂ ਵਸਤੂਆਂ ਨੂੰ ਨਵਾਂ ਰੂਪ ਦੇ ਕੇ ਕੰਮ ਦੀਆਂ ਘਰੇਲੂ ਸਜਾਵਟੀ ਸਾਮਾਨ ਬਣਾਉਣਾ ਆਦਿ ਸਿੱਖ ਸਕਦੇ ਹਨ।
ਬਲਾਕ ਬਣਾਉਣਾ ਅਤੇ ਬੁਝਾਰਤਾਂ ਨੂੰ ਹੱਲ ਕਰਨਾ: ਬੱਚਿਆਂ ਨੂੰ ਬਲਾਕ ਬਣਾਉਣਾ ਅਤੇ ਬੁਝਾਰਤਾਂ ਨੂੰ ਹੱਲ ਕਰਨ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਿਲ ਕਰਨ ਨਾਲ ਉਨ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਅਤੇ ਸਮੱਸਿਆ ਦੇ ਹੱਲ ਕੱਢਣ ਦੀ ਯੋਗਤਾ ਵਿਚ ਵਾਧਾ ਹੁੰਦਾ ਹੈ।
ਖਾਣਾ ਬਣਾਉਣਾ ਅਤੇ ਬੇਕਿੰਗ ਕਰਨਾ: ਬੱਚਿਆਂ ਨੂੰ ਰਸੋਈ ਵਿਚ ਖਾਣਾ ਬਣਾਉਣ ਅਤੇ ਬੇਕਿੰਗ ਕਰਨ ਵਰਗੇ ਹੁਨਰ ਸਿਖਾਓ। ਬੱਚੇ ਸੁਰੱਖਿਅਤ ਅਤੇ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ ਸਿਖ ਕੇ ਆਪਣੇ ਲਈ ਵਧੀਆ ਭੋਜਨ ਦੀ ਚੋਣ ਕਰਨ ਦੇ ਯੋਗ ਹੋ ਸਕਦੇ ਹਨ। ਬੱਚੇ ਸੋਖੀਆਂ ਬਣਨ ਵਾਲੀਆਂ ਖਾਣ ਦੀਆਂ ਚੀਜ਼ਾਂ ਜਿਵੇ ਸੈਂਡਵਿਚ, ਸਲਾਦ, ਕੂਕੀਜ਼, ਕੱਪ-ਕੇਕ ਆਦਿ ਬਣਾਉਣਾ ਆਸਾਨੀ ਨਾਲ ਸਿਖ ਸਕਦੇ ਹਨ।
ਘਰ ਦੀ ਸਫਾਈ: ਬੱਚਿਆਂ ਨੂੰ ਘਰ ਦੀ ਸਫਾਈ ਵਿਚ ਯੋਗਦਾਨ ਪਾਉਣ ਲਈ ਪ੍ਰੇਰੋ। ਸਰਲ ਕੰਮ ਜਿਵੇਂ ਆਪਣੀਆਂ ਵਸਤੂਆਂ ਆਪਣੀ ਜਗਾ੍ਹ 'ਤੇ ਰੱਖਣਾ, ਝਾੜ-ਪੂੰਝ ਕਰਨਾ ਜੀਵਨ ਦੇ ਬੁਨਿਆਦੀ ਹੁਨਰ ਹਨ ਜਿਹੜੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਸਿਖਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਬੱਚਿਆਂ ਨੂੰ ਸਫਾਈ ਦੀ ਮਹੱਤਤਾ ਅਤੇ ਸਫਾਈ ਲਈ ਪ੍ਰਯੋਗ ਹੋਣ ਵਾਲੇ ਪਦਾਰਥਾਂ ਦੀ ਸੁਚੱਜੀ ਵਰਤੋਂ ਕਰਨੀ ਵੀ ਸਿਖਾਈ ਜਾ ਸਕਦੀ ਹੈ।
ਕਿਤਾਬਾਂ ਪੜ੍ਹਨ ਦੀ ਆਦਤ: ਚੰਗੀਆਂ ਕਿਤਾਬਾਂ ਪੜ੍ਹਨ ਨਾਲ ਅਤੇ ਉਸ ਬਾਰੇ ਕੁਝ ਸਤਰਾਂ ਲਿਖਣ ਨਾਲ ਬੱਚੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਕਰਨਾ ਸਿਖਦੇ ਹਨ। ਇਸ ਹੁਨਰ ਨੂੰ ਹੋਰ ਨਿਖਾਰਨ ਲਈ ਛੁੱਟੀਆਂ ਵਿਚ ਬੱਚਿਆਂ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੱਤਰ ਲਿਖਣ ਲਈ ਵੀ ਪ੍ਰੇਰਿਆ ਜਾ ਸਕਦਾ ਹੈ।
ਸਮੂਹ ਅਤੇ ਟੀਮ ਵਿਚ ਖੇਡਣਾ: ਛੁੱਟੀਆਂ ਵਿਚ ਬੱਚਿਆਂ ਨੂੰ ਟੀਮ ਅਤੇ ਸਮੂਹ ਵਿਚ ਖੇਡਣ ਲਈ ਉਤਸ਼ਾਹਿਤ ਕਰਨ ਨਾਲ ਉਨ੍ਹਾਂ ਵਿਚ ਸਹਿਯੋਗ ਅਤੇ ਸਮਝੌਤੇ ਵਰਗੇ ਗੁਣ ਵਿਕਸਿਤ ਹੋਣਗੇ।
ਸਾਂਝੀਆਂ ਗਤੀਵਿਧੀਆਂ: ਪਿੰਡ ਦੇ ਸਾਂਝੇ ਸਥਾਨ ਨੂੰ ਸਾਫ ਕਰਨ ਵਿਚ ਅਤੇ ਉਥੇ ਬੂਟੇ ਲਗਾਉਣ ਵਿਚ ਬੱਚਿਆਂ ਨੂੰ ਸ਼ਾਮਿਲ ਕਰਨ ਨਾਲ ਉਨ੍ਹਾਂ ਨੂੰ ਸਾਂਝੇ ਸਥਾਨ ਦੇ ਰੱਖ-ਰਖਾਵ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ।
ਸੱਭਿਆਚਾਰਕ ਗਤੀਵਿਧੀਆਂ: ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੇ ਰੱਖਣ ਲਈ ਉਨ੍ਹਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਰਵਾਇਤੀ ਕਲਾ, ਸ਼ਿਲਪਕਲਾ ਆਦਿ ਬਾਰੇ ਦੱਸੋ ਅਤੇ ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਵਿਚ ਉਨ੍ਹਾਂ ਨੂੰ ਸ਼ਾਮਿਲ ਕਰੋ।
ਕੱਪੜਿਆਂ ਦਾ ਰੱਖ ਰਖਾਵ: ਬੱਚਿਆਂ ਨੂੰ ਕੱਪੜਿਆਂ ਤੋਂ ਦਾਗ ਉਤਾਰਨ, ਕੱਪੜਿਆਂ ਨੂੰ ਤਹਿ ਲਾ ਕੇ ਅਲਮਾਰੀ ਵਿਚ ਲਗਾਉਣਾ ਸਿਖਾਓ।
ਬਜਟ ਅਤੇ ਪੈਸੇ ਦਾ ਪ੍ਰਬੰਧਨ: ਬੱਚਿਆਂ ਨੂੰ ਆਪਣੇ ਨਾਲ ਬਾਜ਼ਾਰ ਲੈ ਕੇ ਜਾਓ; ਸਾਮਾਨ 'ਤੇ ਲੱਗੇ ਲੇਬਲ ਨੂੰ ਪੜ੍ਹਨਾ, ਚੀਜ਼ਾਂ ਦੇ ਮੁੱਲ ਦੀ ਤੁਲਨਾ ਅਤੇ ਆਪਣੇ ਬਜਟ ਵਿਚ ਰਹਿ ਕੇ ਬੇਲੋੜੇ ਖਰਚੇ ਰੋਕਣ ਵਰਗੇ ਗੁਰ ਸਿਖਾਓ।
ਸੁਰੱਖਿਅਤ ਰਹਿਣਾ: ਛੁੱਟੀਆਂ ਵਿਚ ਬੱਚਿਆਂ ਨੂੰ ਸੁਰੱਖਿਅਤ ਰਹਿਣ ਅਤੇ ਸੱਟ ਲਗਣ 'ਤੇ ਮੁਢਲੇ ਉਪਚਾਰ ਬਾਰੇ ਬੁਨਿਆਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਬੱਚਿਆਂ ਨੂੰ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਕਰ ਕੇ ਨਾ ਕੇਵਲ ਅਸੀਂ ਉਨ੍ਹਾਂ ਨੂੰ ਟੀ.ਵੀ. ਅਤੇ ਮੋਬਾਈਲ ਦੀ ਸਕਰੀਨ ਤੋਂ ਦੂਰ ਰੱਖਣ ਵਿਚ ਕਾਮਯਾਬ ਹੋਵਾਂਗੇ ਪਰੰਤੂ ਉਨ੍ਹਾਂ ਨੂੰ ਗਰਮੀ ਦੀ ਛੁੱਟੀਆਂ ਵਿਚ ਬੁਨਿਆਦੀ ਹੁਨਰ ਸਿਖਾਉਣ ਵਿਚ ਵੀ ਮਦਦ ਕਰਾਂਗੇ। ਗਰਮੀ ਦੀਆਂ ਛੁੱਟੀਆਂ ਬੱਚਿਆਂ ਦੇ ਹੁਨਰ ਨਿਖਾਰਣ ਦੇ ਨਾਲ-ਨਾਲ ਉਨ੍ਹਾਂ ਦੇ ਬੋਧਿਕ, ਭਾਵਨਾਤਮਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਹੋ ਸਕਦੀਆਂ ਹਨ।

-ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਤਹਿਗੜ੍ਹ ਸਾਹਿਬ।

ਪਿਛਲੀ ਖ਼ਬਰ ਨਵੇਂ ਘਰ ਵਿਚ ਰਹਿਣ ਜਾ ਰਹੇ ਹੋ... ਅਗਲੀ ਖ਼ਬਰ ਛੁੱਟੀਆਂ ਨੂੰ ਮਜ਼ੇਦਾਰ ਕਿਵੇਂ ਬਣਾਇਆ ਜਾਵੇ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।