08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੋਸਤੀ ਕਰਨ ਵਿਚ ਕਦੇ ਵੀ ਕਾਹਲੀ ਨਾ ਕਰੀਏ...

ਅਜੀਤ ਡੈਸਕ 23-10-2025

ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਆਪਣੇ ਮਾਂ-ਬਾਪ ਸਦਕਾ ਅਸੀਂ ਇਸ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਾਂ। ਫਿਰ ਮਾਂ-ਬਾਪ ਸਾਨੂੰ ਸਕੂਲ ਵਿਚ ਪੜ੍ਹਨ ਲਈ ਭੇਜਦੇ ਹਨ। ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਬੱਚਾ ਕਲ੍ਹ ਨੂੰ ਆਪਣੇ ਪੈਰਾਂ 'ਤੇ ਵਧੀਆ ਖੜ੍ਹਾ ਹੋਵੇ। ਸੰਸਾਰ ਵਿਚ ਰਹਿੰਦਿਆਂ ਸਾਡੇ ਮਿੱਤਰ ਬਹੁਤ ਬਣ ਜਾਂਦੇ ਹਨ। ਕਈ ਦੋਸਤ-ਮਿੱਤਰ ਸਾਡੇ ਦਿਲੋਂ ਕਰੀਬੀ ਬਣ ਜਾਂਦੇ ਹਨ। ਉਨ੍ਹਾਂ ਨਾਲ ਫਿਰ ਅਸੀਂ ਡੂੰਘੀਆਂ ਸਾਂਝਾਂ ਪਾ ਲੈਂਦੇ ਹਾਂ। ਫਿਰ ਅਸੀਂ ਉਨ੍ਹਾਂ ਦੇ ਹਰ ਸੁੱਖ-ਦੁੱਖ ਵਿਚ ਸ਼ਰੀਕ ਹੋਣੇ ਸ਼ੁਰੂ ਹੋ ਜਾਂਦੇ ਹਾਂ। ਅਸੀਂ ਹਰ ਉਨ੍ਹਾਂ ਨਾਲ ਸੁੱਖ-ਦੁੱਖ ਦੀ ਗੱਲ ਸਾਂਝੀ ਕਰਨ ਲੱਗ ਜਾਂਦੇ ਹਾਂ। ਦੋਸਤੀ ਬਾਅਦ ਫਿਰ ਉਨ੍ਹਾਂ ਪਰਿਵਾਰਾਂ ਵਿਚ ਪਰਿਵਾਰਕ ਸੰਬੰਧ ਬਣ ਜਾਂਦੇ ਹਨ। ਪਰਿਵਾਰਕ ਸੰਬੰਧਾਂ ਕਾਰਨ ਸਾਡੀ ਦੋਸਤੀ ਹੋਰ ਡੂੰਘੀ ਹੋ ਜਾਂਦੀ ਹੈ। ਜਿਸ ਕਾਰਨ ਅਸੀਂ ਇਕ-ਦੂਜੇ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਸੀਂ ਥੋੜ੍ਹੇ ਹੀ ਸਮੇਂ ਵਿਚ ਘਿਓ-ਸ਼ੱਕਰ ਹੋ ਜਾਂਦੇ ਹਾਂ। ਇਕ-ਦੂਜੇ ਦੇ ਦਿਲੋਂ ਕਰੀਬੀ ਬਣ ਜਾਂਦੇ ਹਾਂ। ਨਜ਼ਦੀਕੀਆਂ ਬਹੁਤ ਵੱਧ ਜਾਂਦੀਆਂ ਹਨ, ਜਿਸ ਕਾਰਨ ਅਸੀਂ ਆਪਣੇ ਦਿਲ ਦੇ ਰਾਜ਼ ਇਕ-ਦੂਜੇ ਨੂੰ ਦੇਣੇ ਸ਼ੁਰੂ ਕਰ ਦਿੰਦੇ ਹਾਂ। ਹੌਲੀ-ਹੌਲੀ ਸਾਨੂੰ ਪਤਾ ਹੀ ਨਹੀਂ ਲਗਦਾ ਕਿ ਸਾਡੀ ਨੇੜਤਾ ਕਿੰਨੀ ਵੱਧ ਗਈ ਹੈ। ਇਕੱਠੇ ਜਾਣਾ, ਇਕੱਠੇ ਸ਼ਾਪਿੰਗ ਕਰਨੀ, ਇਕੱਠੇ ਖਾਣਾ, ਪਤਾ ਹੀ ਨਹੀਂ ਲਗਦਾ ਕਿਸ ਟਾਈਮ ਅਸੀਂ ਦੋਸਤ ਦੇ ਵਿਚ ਵੜ ਗਏ ਹਾਂ। ਕਈ ਵਾਰ ਆਮ ਦੇਖਣ ਵਿਚ ਆਉਂਦਾ ਹੈ ਜੇ ਦੋਸਤ ਦੇ ਘਰੇ ਰੋਟੀ ਖਾਧੀ ਤਾਂ ਦੂਜੇ ਦੋਸਤ ਦੇ ਘਰ ਇਕੱਠੇ ਚਾਹ ਪੀਂਦੇ ਹਾਂ। ਪਤਾ ਹੀ ਨਹੀਂ ਲਗਦਾ ਕਿ ਕਿਸ ਤਰ੍ਹਾਂ ਇਕ-ਦੂਜੇ ਦੇ ਕਰੀਬੀ ਬਣ ਜਾਂਦੇ ਹਾਂ। ਦੋਸਤੀ ਏਨੀ ਵੱਧ ਜਾਂਦੀ ਹੈ ਕਿ ਪ੍ਰਾਪਰਟੀ ਬਿਜ਼ਨੈੱਸ ਦਾ ਕੰਮ ਇਕੱਠੇ ਸ਼ੁਰੂ ਕਰ ਲੈਂਦੇ ਹਾਂ। ਕੋਈ ਵੀ ਚੰਗਾ ਜਾਂ ਮਾੜਾ ਕੰਮ ਹੋਵੇ ਇਕ-ਦੂਜੇ ਨੂੰ ਦੱਸ ਕੇ ਕਰਦੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਦੋਸਤੀ ਵਿਚ ਆਪਸ ਵਿਚ ਵਿਚ ਘਿਓ ਖਿਚੜੀ ਬਣ ਜਾਂਦੇ ਹਾਂ।
ਦੋਸਤੀ ਅੱਗੇ ਵਧਦੀ ਰਹਿੰਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਦੋ ਦੋਸਤਾਂ ਦੇ ਵਿਚਕਾਰ ਤੀਜਾ ਬੰਦਾ ਆ ਜਾਂਦਾ ਹੈ ਤਾਂ ਫਿਰ ਦਿਲਾਂ ਦੇ ਅੰਦਰ ਕੁੜੱਤਣ ਵਧਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਕੋਈ ਤਕਰਾਰ ਵੀ ਹੋ ਜਾਂਦੀ ਹੈ, ਜਿਸ ਕਾਰਨ ਸਾਡੀ ਇਸ ਦੋਸਤੀ ਵਿਚ ਕੁੜੱਤਣ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਕੁੜੱਤਣ ਏਨੀ ਵਧ ਜਾਂਦੀ ਹੈ ਕਿ ਅਸੀਂ ਥਾਣੇ, ਤਹਿਸੀਲਾਂ ਵੱਲ ਨੂੰ ਕੂਚ ਕਰਦੇ ਹਾਂ। ਬਿਜ਼ਨੈਸ, ਕਾਰੋਬਾਰਾਂ ਵਿਚ ਤਾਂ ਲੜਾਈ-ਝਗੜੇ ਹੁੰਦੇ ਦੇਖੇ ਗਏ ਹਨ। ਜੇ ਕਿਸੇ ਨਾਲ ਸਾਡੀ ਪਿਆਰੀ ਦੋਸਤੀ ਹੋ ਜਾਂਦੀ ਹੈ ਤਾਂ ਪਹਿਲਾਂ ਉਸ ਸੱਜਣ ਨੂੰ ਦੇਖੋ ਕਿ ਇਹ ਸੱਜਣ ਕਿਸ ਤਰ੍ਹਾਂ ਦਾ ਹੈ। ਉਸ ਨੂੰ ਵਰਤੋ, ਇਕਦਮ ਦੂਜੇ 'ਤੇ ਵਿਸ਼ਵਾਸ ਨਾ ਕਰੋ। ਇਕਦਮ ਉਸ ਨੂੰ ਆਪਣੇ ਸਾਰੇ ਘਰ ਦਾ ਭੇਤ ਨਾ ਦੇਵੋ। ਹਰ ਇਕ ਨੂੰ ਆਪਣੇ ਘਰ ਨਹੀਂ ਲੈ ਕੇ ਆਉਣਾ ਚਾਹੀਦਾ। ਦੋਸਤੀ ਸਿਰਫ਼ ਬਾਹਰ ਦੀ ਹੀ ਠੀਕ ਰਹਿੰਦੀ ਹੈ। ਜੇ ਤੁਹਾਨੂੰ ਲਗਦਾ ਹੈ ਕਿ ਇਹ ਬੰਦਾ ਬਹੁਤ ਸਮਝਦਾਰ ਹੈ, ਗੱਲ ਨੂੰ ਬਰਦਾਸ਼ਤ ਕਰਨ ਵਾਲਾ ਹੈ, ਸਹਿਣਸ਼ੀਲ ਹੈ, ਫਿਰ ਉਸ ਨਾਲ ਨੇੜਤਾ ਬਣਾਓ, ਫਿਰ ਉਸ ਨਾਲ ਪਰਿਵਾਰਕ ਸੰਬੰਧ ਬਣਾਓ। ਨਹੀਂ ਤਾਂ ਘਰ ਤੋਂ ਬਾਹਰ ਹੀ ਰਾਮ-ਸਲਾਮ ਰੱਖੋ। ਘਿਓ-ਸ਼ੱਕਰ ਹੋਣ ਕਾਰਨ ਉਸ ਦੋਸਤ ਨੂੰ ਸਾਡੇ ਘਰ ਦੇ ਸਾਰੇ ਹੀ ਭੇਦ ਪਤਾ ਲੱਗ ਜਾਂਦੇ ਹਨ। ਜਦੋਂ ਸਾਡਾ ਤਕਰਾਰ ਹੋ ਜਾਂਦਾ ਹੈ, ਫਿਰ ਉਹ ਸਾਡੇ ਘਰ ਦੀਆਂ ਗੱਲਾਂ ਬਾਹਰ ਚਾਰ ਬੰਦਿਆਂ ਨੂੰ ਦੱਸਦਾ ਹੈ। ਇਹ ਬੰਦਾ ਅਜਿਹਾ ਸੀ। ਇਸ ਬੰਦੇ ਦੀ ਘਰ ਵਿਚ ਆਪਣੇ ਪਰਿਵਾਰ ਨਾਲ ਬਿਲਕੁਲ ਵੀ ਨਹੀਂ ਬਣਦੀ। ਗੱਲਾਂ ਨੂੰ ਹੋਰ ਵਧਾ ਚੜ੍ਹਾ ਕੇ ਚਾਰ ਬੰਦਿਆਂ ਨੂੰ ਦੱਸਦਾ ਹੈ। ਬਾਹਰ ਦੇ ਬੰਦੇ ਅਜਿਹੀਆਂ ਗੱਲਾਂ ਦਾ ਬਹੁਤ ਫਾਇਦਾ ਉਠਾਉਂਦੇ ਹਨ। ਮਾਹੌਲ ਇਸ ਤਰ੍ਹਾਂ ਦਾ ਸਿਰਜ ਜਾਂਦਾ ਹੈ ਕਿ ਅਸੀਂ ਉਸ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ, ਜਿਸ ਕਾਰਨ ਸਾਡੇ ਘਰ ਦੀਆਂ ਜੋ ਗੱਲਾਂ ਪਰਿਵਾਰਕ ਮੈਂਬਰਾਂ ਵਿਚ ਹੁੰਦੀਆਂ ਹਨ, ਉਹ ਉਸ ਬੰਦੇ ਨੂੰ ਪਤਾ ਲੱਗ ਜਾਣ ਕਾਰਨ ਸਾਰੀ ਦੁਨੀਆ ਵਿਚ ਹੀ ਪਤਾ ਚਲ ਜਾਂਦੀਆਂ ਹਨ। ਫਿਰ ਬੰਦੇ ਬਾਹਰ ਗਲੀਆਂ, ਮੁਹੱਲਿਆਂ ਵਿਚ ਖੜ੍ਹ-ਖੜ੍ਹ ਕੇ ਗੱਲਾਂ ਕਰਦੇ ਹਨ ਕਿ ਇਹ ਅਜਿਹਾ ਇਨਸਾਨ ਹੈ। ਇਸ ਦੇ ਘਰ ਦਾ ਅਜਿਹਾ ਮਾਹੌਲ ਹੈ। ਉਹ ਦੋਸਤ, ਜਿਸ ਨਾਲ ਤੁਸੀਂ ਬਹੁਤ ਜ਼ਿਆਦਾ ਕਰੀਬੀ ਸੀ, ਉਹ ਤੁਹਾਡੀਆਂ ਗੱਲਾਂ ਦੇ ਚਰਚੇ ਸਾਰੇ ਸ਼ਹਿਰ ਵਿਚ ਕਰਨੇ ਸ਼ੁਰੂ ਕਰ ਦਿੰਦਾ ਹੈ। ਲੜਾਈ ਝਗੜਾ ਕਦੇ ਵੀ ਨਾ ਕਰੋ। ਦੋਸਤੀ ਰੱਖੋ, ਦੋਸਤ ਜ਼ਰੂਰ ਬਣਾਓ ਪਰ ਅਜਿਹਾ ਦੋਸਤ ਬਣਾਓ ਜੋ ਥੋੜ੍ਹਾ ਗਮ ਵੀ ਖਾ ਲਵੇ। ਜੇ ਦੋਸਤੀ ਵਿਚ ਕੋਈ ਗੱਲ ਹੋ ਵੀ ਜਾਵੇ ਤਾਂ ਬੈਠ ਕੇ ਸੁਲਝਾਓ। ਤੀਜੇ ਬੰਦੇ ਦੀ ਕਦੇ ਵੀ ਰਾਇ ਨਾ ਲਓ। ਦੋਸਤੀ ਵਿਚ ਸਹਿਣਸ਼ੀਲਤਾ, ਨਿਮਰਤਾ ਬਹੁਤ ਜ਼ਰੂਰੀ ਹੈ। ਦੋਸਤੀ ਵਿਚ ਕਈ ਚੀਜ਼ਾਂ ਨਜ਼ਰਅੰਦਾਜ਼ ਕਰਨੀਆਂ ਪੈਂਦੀਆਂ ਹਨ। ਟੈਨਸ਼ਨ ਤਾਂ ਲੈਣੀ ਨਹੀਂ ਚਾਹੀਦੀ। ਜੇ ਅਸੀਂ ਆਪ ਵੀ ਟੈਨਸ਼ਨ ਲੈਂਦੇ ਹਾਂ ਤਾਂ ਸਾਡੇ ਘਰ ਵੀ ਟੈਨਸ਼ਨ ਦਾ ਮਾਹੌਲ ਪੈਦਾ ਹੋ ਜਾਂਦਾ ਹੈ।
ਠੀਕ ਹੈ ਦੋਸਤ ਜ਼ਰੂਰ ਬਣਾਓ। ਪਰ ਇੰਨੇ ਵੀ ਦੋਸਤਾਂ ਵਿਚ ਨਾ ਜਾਓ ਕਿ ਤੁਸੀਂ ਘਿਓ ਸ਼ੱਕਰ ਹੋ ਜਾਵੋ ਤੇ ਕਦੇ ਵੀ ਕਿਸੇ ਨਾਲ ਨਿੰਮ ਨਾਲੋਂ ਜ਼ਿਆਦਾ ਕੌੜੇ ਨਾ ਬਣੋ। ਦੋਸਤੀ, ਪਿਆਰ ਵਿਚ ਇਕ-ਦੂਰੀ ਬਣਾ ਕੇ ਰੱਖਣਾ ਚਾਹੀਦੀ ਹੈ। ਜੇ ਅਸੀਂ ਦੋਸਤੀ ਵਿਚ ਸੰਤੁਲਨ ਬਣਾ ਕੇ ਰੱਖਾਂਗੇ ਤਾਂ ਕਦੇ ਵੀ ਸਾਡਾ ਦੋਸਤ ਨਾਲ ਮਨ-ਮੁਟਾਵ ਨਹੀਂ ਹੋਵੇਗਾ।

-ਮੋਹਾਲੀ।
ਮੋਬਾਈਲ : 78889-66168

ਪਿਛਲੀ ਖ਼ਬਰ ਤੁਸੀਂ ਵੀ ਚਲਾਓ ਘਰੇਲੂ ਕਾਰੋਬਾਰ ਅਗਲੀ ਖ਼ਬਰ ਮਾਂ ਹੁੰਦੀ ਹੈ ਬੱਚੇ ਦਾ ਮੁਢਲਾ ਸਕੂਲ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।