ਆਮ ਤੌਰ 'ਤੇ ਬੱਚਿਆਂ ਦੇ ਵੱਡੇ ਹੋਣ 'ਤੇ ਸਿੱਖਿਅਤ ਸੁਆਣੀਆਂ ਦੇ ਕੋਲ ਕਾਫ਼ੀ ਸਮਾਂ ਬਚ ਜਾਂਦਾ ਹੈ। ਆਪਣੇ ਸਮੇਂ ਦੀ ਸਾਰਥਕ ਵਰਤੋਂ ਕਰਨ ਅਤੇ ਕੁਝ ਕਮਾਉਣ ਦੀ ਨੀਅਤ ਨਾਲ ਕਾਫ਼ੀ ਔਰਤਾਂ ਕੋਈ ਨਾ ਕੋਈ ਘਰੇਲੂ ਕਾਰੋਬਾਰ ਕਰਨਾ ਚਾਹੁੰਦੀਆਂ ਹਨ, ਤਾਂ ਕਿ ਉਹ ਘਰ ਬੈਠੇ ਕਮਾਈ ਵੀ ਕਰ ਸਕਣ ਅਤੇ ਉਨ੍ਹਾਂ ਦਾ ਘਰ ਪਰਿਵਾਰ ਵੀ ਅਣਗੌਲਿਆਂ ਨਾ ਰਹੇ। ਬਿਊਟੀ ਪਾਰਲਰ, ਕ੍ਰੈਚ, ਬੁਟੀਕ, ਕੈਟਰਿੰਗ, ਪ੍ਰਾਪਰਟੀ ਡੀਲਿੰਗ, ਮਨੀਹਾਰੀ, ਸਾਫ਼ਟ ਖਿਡੌਣੇ ਬਣਾਉਣ ਮੇਕਿੰਗ, ਨਕਲੀ ਗਹਿਣੇ, ਕੋਚਿੰਗ, ਕੰਪਿਊਟਰ ਨੌਕਰੀ ਤੇ ਭਾਂਡਿਆਂ ਦੀ ਦੁਕਾਨਦਾਰੀ ਵਗੈਰਾ ਕੁਝ ਇਸ ਤਰ੍ਹਾਂ ਦੇ ਵਪਾਰ ਹਨ, ਜਿਨ੍ਹਾਂ ਵਿਚ ਸ਼ੁਰੂਆਤ ਵਿਚ ਜ਼ਿਆਦਾ ਪੈਸਾ ਖ਼ਰਚ ਨਹੀਂ ਹੁੰਦਾ। ਕੁਝ ਗੱਲਾਂ ਦਾ ਧਿਆਨ ਰੱਖਣ ਨਾਲ ਘਰੇਲੂ ਔਰਤਾਂ ਵੀ ਆਪਣਾ ਛੋਟਾ-ਮੋਟਾ ਕਾਰੋਬਾਰ ਖ਼ੁਦ ਸੰਭਾਲ ਸਕਦੀਆਂ ਹਨ :-
* ਸਿਰਫ਼ ਕਿਸੇ ਦੀ ਦੇਖਾ-ਦੇਖੀ ਜਾਂ ਮਹਿਜ਼ ਟਾਈਮਪਾਸ ਦੀ ਨੀਅਤ ਨਾਲ ਕੋਈ ਕਾਰੋਬਾਰ ਨਾ ਕਰੋ। ਕਿਸੇ ਕਾਰੋਬਾਰ ਦੀ ਜਾਣਕਾਰੀ ਤੇ ਉਸ ਵਿਚ ਪੂਰਨ ਰੁਚੀ ਹੋਣ 'ਤੇ ਹੀ ਉਹ ਕਾਰੋਬਾਰ ਸ਼ੁਰੂ ਕਰੋ। * ਕਿਸੇ ਨੂੰ ਜਿਥੋਂ ਤੱਕ ਸੰਭਵ ਹੋਵੇ ਉਧਾਰ ਨਾ ਦਿਓ। * ਸਿਰਫ਼ ਯਾਦਦਾਸ਼ਤ 'ਤੇ ਭਰੋਸਾ ਨਾ ਕਰਕੇ ਲਿਖਤ ਰੂਪ ਵਿਚ ਸਭ ਆਮਦਨ, ਖ਼ਰਚ, ਉਧਾਰੀ ਤੇ ਆਉਣ ਵਾਲੀ ਰਾਸ਼ੀ ਦਾ ਵੇਰਵਾ ਆਪਣੇ ਕੋਲ ਰੱਖੋ। * ਵੇਚੀਆਂ ਜਾਣ ਵਾਲੀਆਂ ਚੀਜ਼ਾਂ ਦੀ ਕੁਆਲਿਟੀ ਦਾ ਵਿਸ਼ੇਸ਼ ਧਿਆਨ ਰੱਖੋ। * ਆਪਣਾ ਮੁਨਾਫ਼ਾ ਜ਼ਰੂਰ ਰੱਖੋ।
* ਸ਼ੁਰੂ ਵਿਚ ਆਪਣਾ ਮੁਨਾਫ਼ਾ ਜਾਂ ਫੀਸ ਘੱਟ ਹੀ ਰੱਖੋ। * ਕਾਰੋਬਾਰ ਕਰਦੇ ਸਮੇਂ ਆਪਣਾ ਪੂਰਾ ਧਿਆਨ ਆਪਣੇ ਕਾਰੋਬਾਰ ਤੇ ਗ੍ਰਾਹਕਾਂ 'ਤੇ ਕੇਂਦਿਰਤ ਕਰੋ। * ਸ਼ੁਰੂ ਵਿਚ ਹੌਸਲਾ ਤੋੜਨ ਵਾਲਿਆਂ ਦੀਆਂ ਗੱਲਾਂ ਤੋਂ ਘਬਰਾ ਕੇ ਆਪਣਾ ਕਾਰੋਬਾਰ ਬੰਦ ਕਰਨ ਦੀ ਨਾ ਸੋਚੋ। * ਹਮੇਸ਼ਾ ਪ੍ਰਸੰਨ ਰਹੋ ਤੇ ਆਕਰਸ਼ਕ ਪਹਿਰਾਵਾ ਪਾ ਕੇ ਹੀ ਆਪਣੇ ਗਾਹਕਾਂ ਨੂੰ ਮਿਲੋ। * ਜ਼ੋਰ ਨਾਲ ਬੋਲ ਕੇ ਜਾਂ ਰੋਹਬ ਨਾਲ ਕਦੀ ਗਾਹਕਾਂ ਨਾਲ ਗੱਲ ਨਾ ਕਰੋ। * ਗਾਹਕਾਂ ਦੀ ਵਾਜਿਬ ਸ਼ਿਕਾਇਤ 'ਤੇ ਜ਼ਰੂਰ ਧਿਆਨ ਦਿਓ। ਗਾਹਕਾਂ ਦੇ ਉਲਾਂਭੇ ਨੂੰ ਦਿਲ ਨਾਲ ਲਗਾ ਕੇ ਨਾ ਬੈਠੋ। * ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਸ ਨਾਲ ਸੰਬੰਧਿਤ ਜਾਣਕਾਰੀ ਜ਼ਰੂਰੀ ਲੈ ਲਓ।
ਤੁਸੀਂ ਵੀ ਚਲਾਓ ਘਰੇਲੂ ਕਾਰੋਬਾਰ
ਅਜੀਤ ਡੈਸਕ
23-10-2025