02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹਵਾ ਵਿਚ ਉੱਡਦੇ ਲੋਕ

ਅਜੀਤ ਡੈਸਕ 02-09-2025

ਕੋਈ ਸਮਾਂ ਹੁੰਦਾ ਸੀ, ਸ਼ਹਿਰ ਵਿਚ ਕਿਸੇ ਨੇ ਕਾਰ ਲੈ ਲੈਣੀ ਤਾਂ ਪਿੰਡਾਂ ਤੋਂ ਰਿਸ਼ਤੇਦਾਰਾਂ ਨੇ ਵਧਾਈ ਦੇਣ ਆਉਣਾ ਅਤੇ ਮਾਣ ਮਹਿਸੂਸ ਕਰਨਾ ਕਿ ਸਾਡੇ ਰਿਸ਼ਤੇਦਾਰ ਕੋਲ ਕਾਰ ਹੈ। ਕਾਰ ਨੂੰ ਬਹੁਤ ਬਚਾ-ਬਚਾ ਕੇ ਚਲਾਇਆ ਜਾਂਦਾ ਸੀ ਅਤੇ ਖਿਆਲ ਰੱਖਿਆ ਜਾਂਦਾ ਸੀ ਕਿ ਕਿਸੇ ਟੋਏ 'ਚ ਨਾ ਡਿੱਗ ਪਵੇ। ਸਮਾਂ ਬਦਲਦਾ ਗਿਆ, ਸ਼ਹਿਰਾਂ ਦੀ ਗੱਲ ਤਾਂ ਕੀ ਕਰਨੀ, ਪਿੰਡਾਂ ਵਿਚ ਵੀ ਵੱਡੀਆਂ-ਵੱਡੀਆਂ ਗੱਡੀਆਂ ਆ ਗਈਆਂ ਹਨ। ਇੰਝ ਲਗਦਾ ਲੋਕਾਂ ਨੇ ਦੁਧਾਰੂ ਮੱਝਾਂ ਵੇਚ ਕੇ ਤੇਲ ਖਾਣੇ ਹਾਥੀ ਰੱਖ ਲਏ ਹੋਣ। ਹੁਣ ਇਸ 'ਚ ਕੋਈ ਇਤਰਾਜ਼ ਨਹੀਂ ਕਿ ਵੱਡੀਆਂ ਗੱਡੀਆਂ ਆ ਗਈਆਂ, ਪਰ ਗੱਡੀਆਂ ਨੂੰ ਚਲਾਉਣਾ ਨਹੀਂ ਆਇਆ। ਬਿਨਾਂ ਸੋਚੇ ਸਮਝੇ ਗੱਡੀਆਂ ਨੂੰ ਉਡਾਈ ਫਿਰਦੇ ਹਨ। ਹੁਣ ਲਾਲ ਬੱਤੀ ਨਹੀਂ ਲਗਦੀ, ਹੁਣ ਲੁਕਵੇਂ ਜਿਹੇ ਹਾਰਨ ਲਾਏ ਹੁੰਦੇ ਹਨ ਤੇ ਉਹੀ ਵਜਾਈ ਜਾਂਦੇ ਨੇ ਤੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਨੇ। ਅਗਲੀ ਗੱਡੀ ਭਾਵੇਂ ਕਿਤੇ ਫਸੀ ਹੋਵੇ, ਪਰ ਪਿੱਛੋਂ ਇਹ ਹਾਰਨ 'ਤੇ ਹਾਰਨ ਮਾਰੀ ਜਾਣਗੇ। ਉੱਡੇ ਹੀ ਜਾਂਦੇ ਆ, ਪਤਾ ਉਦੋਂ ਲਗਦਾ ਜਦੋਂ ਜਾ ਕੇ ਕਿਸੇ ਦੇ ਵਿਚ ਵੱਜਦੇ ਹਨ ਜਾਂ ਬੰਦਾ ਮਾਰ ਦਿੰਦੇ ਨੇ ਜਾਂ ਆਪ ਮਰ ਜਾਂਦੇ ਨੇ। ਫੇਰ ਵੀ ਉਹ ਆਪਣਾ ਕਸੂਰ ਨਹੀਂ ਸਮਝਦੇ। ਉਹ ਇਹ ਨਹੀਂ ਸੋਚਦੇ ਕਿ ਗੱਡੀਆਂ ਤਾਂ ਆ ਗਈਆਂ ਹਨ, ਪਰ ਸੜਕਾਂ ਕਿੱਥੇ ਹਨ? ਸੜਕਾਂ ਬਣਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ, ਉਹ ਕਿੰਨੀ ਕੁ ਜ਼ਿੰਮੇਵਾਰੀ ਨਿਭਾਉਂਦੇ ਹਨ, ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ। ਗੱਲ ਤਾਂ ਇਹ ਕਰਨ ਦੀ ਲੋੜ ਹੈ ਕਿ ਸੜਕ ਦੇ ਹਿਸਾਬ ਨਾਲ ਕੋਈ ਵੀ ਬੰਦਾ ਗੱਡੀ ਨਹੀਂ ਚਲਾਉਂਦਾ। ਉਹ ਕਹਿੰਦਾ ਹੈ ਕਿ ਬੱਸ ਮੈਂ ਅੱਗੇ ਨਿਕਲ ਜਾਵਾਂ, ਪਿੱਛੇ ਨਾ ਰਹਾਂ। ਪਰ ਅੱਗੇ ਜਾ ਕੇ ਕਰਨਾ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਲੋਕਾਂ ਵਿਚ ਸਿਰਫ਼ ਫੁਕਰਪੁਣੇ ਤੇ ਦਿਖਾਵੇ ਦੀ ਹੋੜ ਬਹੁਤ ਵਧ ਗਈ ਹੈ। ਇਹ ਨਹੀਂ ਪਤਾ ਕਿ ਜੋ ਹਵਾ 'ਚ ਉੱਡਦਾ ਹੈ, ਉਹ ਥੱਲੇ ਹੀ ਡਿਗਦਾ ਹੈ। ਗੱਡੀਆਂ ਨੂੰ ਸੜਕਾਂ ਵਾਲੇ ਹਵਾਈ ਜਹਾਜ਼ ਬਣਾ ਲੈਣਾ ਵੀ ਉਸੇ ਤਰ੍ਹਾਂ ਹੈ, ਜਿਵੇਂ ਪਾਣੀ ਵਾਲੀ ਬੱਸ ਚਲਾਉਣੀ। ਸੋ ਮਿੱਤਰੋ, ਦੋਸਤੋ, ਸਾਥੀਓ ਤੇ ਦੇਸ਼ ਵਾਸੀਓ ਹਵਾ 'ਚ ਨਾ ਹੋ ਕੇ, ਧਰਤੀ 'ਤੇ ਹੀ ਰਹੋ। ਜੇ ਸੰਭਲ ਕੇ ਰਹੋਗੇ ਤਾਂ ਜ਼ਿੰਦਗੀ ਦਾ ਅਨੰਦ ਵੀ ਮਾਣੋਗੇ, ਨਹੀਂ ਤਾਂ ਬਿਨਾਂ ਅਰਦਾਸ ਕੀਤੇ ਹੀ ਪਰਮਾਤਮਾ ਕੋਲ ਪਹੁੰਚ ਜਾਓਗੇ। ਇਹ ਹੁਣ ਤੁਹਾਡੀ ਮਰਜ਼ੀ ਹੈ।

-ਮੋਬਾ: +919815945018
janmeja@gmail.com

ਪਿਛਲੀ ਖ਼ਬਰ ਤਰਸ ਅਗਲੀ ਖ਼ਬਰ ਮੱਕੀ ਦਾ ਅਚਾਰ ਬਣਾਉਣ ਲਈ ਸਹੀ ਫ਼ਸਲੀ ਚੱਕਰ ਅਪਣਾਉਣ ਦੀ ਮਹੱਤਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।